ਪ੍ਰਾਇਮਰੀ ਹੈਲਥ ਸੈਂਟਰ ’ਚ ਲੈਬ ਟੈਕਨੀਸ਼ੀਅਨ ਦੇ ਮਾੜੇ ਰਵੱਈਏ ਤੋਂ ਮਰੀਜ਼ ਪ੍ਰੇਸ਼ਾਨ
ਜਤਿੰੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 22 ਅਪਰੈਲ
ਇੱਥੇ ਪ੍ਰਾਇਮਰੀ ਹੈਲਥ ਸੈਂਟਰ ’ਚ ਤਾਇਨਾਤ ਲੈਬ ਟੈਕਨੀਸ਼ੀਅਨ ਦੇ ਕਥਿਤ ਅੜੀਅਲ ਰਵੱਈਏ ਤੋਂ ਇੱਥੇ ਟੈਸਟ ਕਰਵਾਉਣ ਆਉਣ ਵਾਲੇ ਮਰੀਜ਼ ਡਾਢੇ ਪ੍ਰੇਸ਼ਾਨ ਹਨ। ਇਸ ਸਬੰਧੀ ਟੈਸਟ ਕਰਵਾਉਣ ਆਏ ਮਰੀਜ਼ ਮਨਿੰਦਰ ਸਿੰਘ ਨੇ ਦੱਸਿਆ ਉਹ ਗੁਰੂ ਅਮਰਦਾਸ ਥਰਮਲ ਪਲਾਂਟ ’ਚ ਮੈਡੀਕਲ ਵਿਭਾਗ ਵਿੱਚ ਤਾਇਨਾਤ ਹਨ ਅਤੇ ਗੋਇੰਦਵਾਲ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਟੈਸਟ ਕਰਵਾਉਣ ਲਈ ਆਏ ਸਨ ਪਰ ਇੱਥੇ ਤਾਇਨਾਤ ਲੈਬ ਟੈਕਨੀਸ਼ੀਅਨ ਪ੍ਰਭਦੀਪ ਕੌਰ ਪਿਛਲੇ ਇੱਕ ਘੰਟੇ ਤੋਂ ਟੈਸਟ ਕਰਨ ਤੋਂ ਨਾਂਹ-ਨੁੱਕਰ ਕਰ ਰਹੀ ਹੈ।
ਇਸ ਮੌਕੇ ਮੌਜੂਦ ਮਰੀਜ਼ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੈਬ ਟੈਕਨੀਸ਼ਅਨ ਦਾ ਇੱਥੇ ਆਉਣ ਵਾਲੇ ਮਰੀਜ਼ਾ ਨਾਲ ਰਵੱਈਆ ਬਹੁਤ ਹੀ ਮਾੜਾ ਹੈ। ਪੀੜਤ ਮਨਿੰਦਰ ਸਿੰਘ ਨੇ ਦੋਸ਼ ਲਾਇਆ ਕਿ ਲੈਬ ਟੈਕਨੀਸ਼ੀਅਨ ਵੱਲੋਂ ਹਸਪਤਾਲ ਵਿੱਚ ਟੈਸਟ ਕਰਵਾਉਣ ਵਾਲਿਆ ਨੂੰ ਅਕਸਰ ਹੀ ਖੱਜਲ ਖੁਆਰ ਕੀਤਾ ਜਾਂਦਾ ਹੈ। ਇਸ ਮੌਕੇ ਜਦੋਂ ਮੀਡੀਆ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਗਿਆ ਤਾਂ ਮੈਡੀਕਲ ਅਫ਼ਸਰ ਡਾਕਟਰ ਮਨਪ੍ਰੀਤ ਕੌਰ ਦੇ ਦਖ਼ਲ ਤੋਂ ਬਾਅਦ ਲੈਬ ਟੈਕਨੀਸ਼ੀਅਨ ਵੱਲੋਂ ਮਰੀਜ਼ਾਂ ਦੇ ਟੈਸਟ ਲਈ ਸੈਂਪਲ ਲੈਣੇ ਸ਼ੁਰੂ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਦੀ ਟੀਮ ਨਾਲ ਵੀ ਲੈਬ ਟੈਕਨੀਸ਼ੀਅਨ ਵੱਲੋਂ ਕਥਿਤ ਮਾੜਾ ਵਿਵਹਾਰ ਕੀਤਾ ਗਿਆ।
ਮੈਡੀਕਲ ਅਫ਼ਸਰ ਡਾਕਟਰ ਮਨਪ੍ਰੀਤ ਕੌਰ ਨੇ ਲੈਬ ਟੈਕਨੀਸ਼ੀਅਨ ਵੱਲੋਂ ਮਰੀਜ਼ਾਂ ਅਤੇ ਮੀਡੀਆ ਨਾਲ ਕੀਤੇ ਮਾੜੇ ਵਿਵਹਾਰ ਦੀ ਨਿੰਦਾ ਕਰਦਿਆਂ ਲੈਬ ਟੈਕਨੀਸ਼ੀਅਨ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦੁਆਇਆ। ਇਸ ਸਬੰਧੀ ਐੱਸਐੱਮਓ ਡਾ. ਸਾਲਿੰਦਰ ਸਿੰਘ ਨੇ ਆਖਿਆ ਕਿ ਲੈਬ ਟੈਕਨੀਸ਼ੀਅਨ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਗੋਇੰਦਵਾਲ ਸਾਹਿਬ ਵਿੱਚ ਕੀਤੇ ਮਾੜੇ ਵਿਵਹਾਰ ਸਬੰਧੀ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਵੱਲੋਂ ਜਾਣੂ ਕਰਵਾਇਆ ਗਿਆ ਹੈ। ਉਹ ਇਸ ਸਬੰਧੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣਗੇ।
‘ਮੇਰੀ ਸ਼ਿਕਾਇਤ ਜਿਸ ਨੂੰ ਮਰਜ਼ੀ ਕਰ ਦਿਓ’
ਲੈਬ ਟੈਕਨੀਸ਼ੀਅਨ ਪ੍ਰਭਦੀਪ ਕੌਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਆਖਿਆ,‘ਮੇਰੀ ਸ਼ਿਕਾਇਤ ਜਿਸ ਨੂੰ ਕਰਨੀ ਕਰ ਦਿਓ, ਮੈਂ ਤਾਂ ਪਹਿਲਾਂ ਹੀ ਇੱਥੋਂ ਬਦਲੀ ਕਰਵਾਉਣ ਦੀ ਕੋਸ਼ਿਸ ਕਰ ਰਹੀ ਹਾਂ।’