ਪੁਸਤਕ ‘ਗੁਰਲਾਲ ਸਿੰਘ ਦਾ ਸਮੀਖਿਆ-ਸੰਸਾਰ’ ’ਤੇ ਚਰਚਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿਚ ਅੱਜ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਬਲਦੇਵ ਸਿੰਘ ਧਾਲੀਵਾਲ ਦੀ ਨਵ-ਸੰਪਾਦਿਤ ਪੁਸਤਕ ‘ਗੁਰਲਾਲ ਸਿੰਘ ਦਾ ਸਮੀਖਿਆ-ਸੰਸਾਰ’ (ਭਾਗ ਪਹਿਲਾ- ਪੰਜਾਬੀ ਕਹਾਣੀ ਚਿੰਤਨ)’ ਉੱਪਰ ਗੋਸ਼ਟੀ ਕਰਵਾਈ ਗਈ। ਬੁਲਾਰਿਆਂ ਦਾ ਕਹਿਣਾ ਸੀ ਕਿ ਡਾ. ਗੁਰਲਾਲ ਸਿੰਘ ਦੀ ਉਦਾਸੀਨਤਾ ਦੇ ਕਾਰਨ ਜਿਹੜੇ ਵੀ ਰਹੇ ਹੋਣ ਪਰ ਅਕਾਦਮਿਕ ਜਗਤ ਵਿਚ ਉਨ੍ਹਾਂ ਦੀ ਪਰਪੱਕ ਜਗ੍ਹਾ ਬਣਾਉਣ ਵਿਚ ਡਾ.ਬਲਦੇਵ ਧਾਲੀਵਾਲ ਦੀ ਸੰਪਾਦਨ ਕਲਾ ਦਾ ਵੱਡਾ ਯੋਗਦਾਨ ਹੋਵੇਗਾ।
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੇ ਹਵਾਲੇ ਡਾ. ਗੁਰਲਾਲ ਸਿੰਘ ਦੇ ਨਾਲ-ਨਾਲ ਪੰਜਾਬੀ ਦੇ ਪ੍ਰਬੁੱਧ ਗਲਪ ਆਲੋਚਕ ਡਾ. ਜੋਗਿੰਦਰ ਸਿੰਘ ਰਾਹੀ ਨੂੰ ਵੀ ਯਾਦ ਕਰਨ ਦਾ ਸਬੱਬ ਹੈ। ਡਾ. ਗੁਰਲਾਲ ਸਿੰਘ ਦਾ ਅਧਿਐਨ ਕਾਰਜ ਪੰਜਾਬੀ ਕਹਾਣੀ ਆਲੋਚਨਾ ਦੇ ਖੇਤਰ ਵਿਚ ਸਿਧਾਂਤ ਤੇ ਵਿਹਾਰ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਗੁਰਲਾਲ ਸਿੰਘ ਦਾ ਅਧਿਐਨ ਕਾਰਜ ਪੰਜਾਬੀ ਕਹਾਣੀ ਆਲੋਚਨਾ ਨੂੰ ਨਵੇਂ ਪਾਸਾਰ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਪੰਜਾਬੀ ਕਹਾਣੀ ਦੀ ਸਿਧਾਂਤਕਾਰੀ ਦੇ ਇਤਿਹਾਸਕ ਹਵਾਲਿਆਂ ਨਾਲ ਦੱਸਿਆ। ਇਸ ਮੌਕੇ ਡਾ. ਰਾਜੇਸ਼ ਸ਼ਰਮਾ, ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਤੇ ਡਾ. ਰਾਜਿੰਦਰਪਾਲ ਬਰਾੜ ਨੇ ਸੰਬੋਧਨ ਕੀਤਾ।