ਪੁਲੀਸ ਵੱਲੋਂ ਮੈਡੀਕਲ ਸਟੋਰ ’ਤੇ ਛਾਪਾ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 8 ਮਈ
ਸੰਗਰੂਰ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਇੱਕ ਮੈਡੀਕਲ ਦੁਕਾਨ ‘ਤੇ ਕੀਤੀ ਛਾਪੇ ਦੌਰਾਨ 22800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜੋ ਕਿ ਕਾਊਂਟਰ ਦੇ ਹੇਠਾਂ ਬਕਸਿਆਂ ਵਿਚ ਛੁਪਾ ਕੇ ਰੱਖੀਆਂ ਸਨ। ਮੌਕੇ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਪਲਵਿੰਦਰ ਸਿੰਘ ਚੀਮਾ ਐਸ.ਪੀ.( ਡੀ ) ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਦੀ ਪੁਲੀਸ ਪਾਰਟੀ ਨੂੰ ਇਤਲਾਹ ਮਿਲੀ ਕਿ ਪ੍ਰਿਆਸ਼ੂ ਗਰਗ ਵਾਸੀ ਗੁਰੂ ਨਾਨਕ ਕਲੋਨੀ ਸੰਗਰੂਰ ਜੋ ਕਿ ਕ੍ਰਿਸ਼ਨਪੁਰਾ ਸੰਗਰੂਰ ਵਿਖੇ ਸ੍ਰੀ ਗਣੇਸ਼ ਮੈਡੀਕਲ ਹਾਲ ਦੇ ਨਾਮ ‘ਤੇ ਦੁਕਾਨ ਕਰਦਾ ਹੈ, ਆਪਣੀ ਦੁਕਾਨ ‘ਤੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ। ਇਹ ਨਸ਼ੀਲੀਆਂ ਗੋਲੀਆਂ ਸਾਹਿਲ ਪਾਹਵਾ ਵਾਸੀ ਸੁਨਾਮੀ ਗੇਟ ਸੰਗਰੂਰ ਵੇਚਣ ਲਈ ਸਪਲਾਈ ਕਰਦਾ ਹੈ। ਸਾਹਿਲ ਪਾਹਵਾ ਉਕਤ ਨਸ਼ੀਲੀਆਂ ਗੋਲੀਆਂ ਲੈ ਕੇ ਉਕਤ ਮੈਡੀਕਲ ਸਟੋਰ ‘ਤੇ ਆਇਆ ਹੈ ਜੋ ਕਿ ਉਕਤ ਦੋਵੇਂ ਜਣੇ ਹੀ ਮੈਡੀਕਲ ਹਾਲ ‘ਤੇ ਗਾਹਕਾਂ ਨੂੰ ਵੇਚ ਰਹੇ ਹਨ। ਜੇਕਰ ਹੁਣੇ ਯੋਜਨਾਬੰਦ ਤਰੀਕੇ ਨਾਲ ਸ੍ਰੀ ਗਣੇਸ਼ ਮੈਡੀਕਲ ਹਾਲ ‘ਤੇ ਛਾਪਾ ਮਾਰਿਆ ਜਾਵੇ ਤਾਂ ਇਹ ਦੋਵੇਂ ਜਣੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਆ ਸਕਦੇ ਹਨ।
ਇਸ ‘ਤੇ ਪੁਲੀਸ ਪਾਰਟੀ ਛਾਪਾ ਮਾਰਿਆ ਜਿਸ ਦੌਰਾਨ ਮੈਡੀਕਲ ਹਾਲ ਅੰਦਰ ਦੋ ਨੌਜਵਾਨ ਬੈਠੇ ਸਨ ਜਿਨ੍ਹਾਂ ‘ਚੋਂ ਇੱਕ ਦੁਕਾਨ ਮਾਲਕ ਪ੍ਰਿੰਆਸ਼ੂ ਗਰਗ ਅਤੇ ਦੂਜਾ ਨੌਜਵਾਨ ਸਾਹਿਲ ਪਾਹਵਾ ਸੀ। ਇਸ ਮਗਰੋਂ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਸੁਧਾ ਦਹਿਲ ਵਲੋਂ ਦੁਕਾਨ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਾਊਂਟਰ ਦੇ ਹੇਠਾਂ ਬਕਸਿਆਂ ਵਿਚ ਛੁਪਾ ਕੇ ਰੱਖੀਆਂ 22800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਡੀਐਸਪੀ ਅਜੇਪਾਲ ਸਿੰਘ, ਡੀਐਸਪੀ ਕਰਨ ਸਿੰਘ ਸੰਧੂ ਅਤੇ ਥਾਣਾ ਸਿਟੀ ਇੰਚਾਰਜ ਮਾਲਵਿੰਦਰ ਸਿੰਘ ਮੌਜੂਦ ਸਨ।