ਪੁਲੀਸ ਨੇ ਆਦਰਸ਼ ਸਕੂਲ ਅੱਗੇ ਧਰਨੇ ’ਤੇ ਬੈਠੇ ਅਧਿਆਪਕ ਮੁੜ ਖਦੇੜੇ
ਰਮਨਦੀਪ ਸਿੰਘ
ਰਾਮਪੁਰਾ ਫੂਲ, 5 ਅਪਰੈਲ
ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਚਾਉਕੇ ਆਦਰਸ਼ ਸਕੂਲ ਦੇ ਮੁੱਖ ਗੇਟ ਅੱਗੇ ਧਰਨੇ ’ਤੇ ਬੈਠੇ ਸਕੂਲ ਦੇ ਪ੍ਰਦਰਸ਼ਨਕਾਰੀ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸਕੂਲ ਨੂੰ ਲਾਇਆ ਜਿੰਦਰਾ ਮੁੜ ਖੁੱਲ੍ਹਵਾ ਦਿੱਤਾ ਹੈ। ਅੱਜ ਸਵੇਰੇ ਵੱਡੀ ਗਿਣਤੀ ਵਿੱਚ ਆਈ ਪੁਲੀਸ ਨੇ ਧਰਨਾਕਾਰੀਆਂ ਨੂੰ ਜਬਰੀ ਹਟਾ ਕੇ ਉਨ੍ਹਾਂ ਦੇ ਟੈਂਟ ਪੁੱਟ ਦਿੱਤੇ ਤੇ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਖੁੱਲ੍ਹਵਾ ਕੇ ਧਰਨੇ ’ਤੇ ਬੈਠੇ ਅਧਿਆਪਕਾਂ ਅਤੇ ਕਿਸਾਨ ਕਾਰਕੁਨਾਂ ਨੂੰ ਖਦੇੜਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਸ ਮੌਕੇ ਸਕੂਲ ਦਾ ਜਿੰਦਰਾ ਖੁੱਲ੍ਹਵਾਉਣ ਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਕਿਸਾਨ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਰੋਸ ਵਜੋਂ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਸਦਰ ਥਾਣਾ ਰਾਮਪੁਰਾ ਦੇ ਗੇਟ ਅੱਗੇ ਧਰਨਾ ਲਗਾ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਜਿਸ ਸਮੇਂ ਪੁਲੀਸ ਵੱਲੋਂ ਹਲਕਾ ਲਾਠੀਚਾਰਜ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਵੀ ਥਾਣੇ ਅੱਗਿਓਂ ਹਟਾ ਦਿੱਤਾ ਗਿਆ। ਇਸ ਬਾਰੇ ਪਤਾ ਚੱਲਦਿਆਂ ਹੀ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬੀਕੇਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰਸ਼ੋਤਮ ਸਿੰਘ ਮਹਿਰਾਜ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਭਲਕੇ ਮੰਤਰੀਆਂ ਅਤੇ ‘ਆਪ’ ਵਿਧਾਇਕਾ ਦੇ ਘਰਾਂ ਅੱਗੇ ਧਰਨਾ ਲਗਾਉਣ ਦਾ ਐਲਾਨ ਕਰਦਿਆਂ ਰਾਮਪੁਰਾ ਫੂਲ ਦੀ ਗਲੀਆਂ ਵਿੱਚ ਇੱਕ ਰੋਸ ਰੈਲੀ ਵੀ ਕੀਤੀ। ਵਰਨਣਯੋਗ ਹੈ ਕਿ ਇਹ ਆਦਰਸ਼ ਸਕੂਲ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ। ਇਸ ਵਿੱਚ ਪੜ੍ਹਾਉਣ ਵਾਲੇ ਕੁੱਝ ਅਧਿਆਪਕਾਂ ਨੇ ਸਕੂਲ ਮੈਨੇਜਮੈਂਟ ਵੱਲੋਂ ਜਬਰੀ ਹਟਾਉਣ ਅਤੇ ਤਨਖ਼ਾਹਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਸ ਦੇ ਸਬੰਧ ਵਿੱਚ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ 26 ਮਾਰਚ ਨੂੰ ਸਕੂਲ ਅੱਗੇ ਬੈਠੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਖਦੇੜ ਦਿੱਤਾ ਗਿਆ ਸੀ ਉਨ੍ਹਾਂ ਦੂਸਰੇ ਹੀ ਦਿਨ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨਾਲ ਸਕੂਲ ਨੂੰ ਜਿੰਦਾ ਲਾ ਦਿੱਤਾ ਸੀ। ਡੀਐੱਸਪੀ ਰਾਮਪੁਰਾ ਪ੍ਰਦੀਪ ਸਿੰਘ ਨੇ ਕਿਹਾ ਕਿ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹੋਰ ਜਾਣਕਾਰੀ ਜਾਂਚ ਪੂਰੀ ਹੋਣ ’ਤੇ ਦਿੱਤੀ ਜਾਵੇਗੀ।
ਸਕੂਲ ਮੈਨੇਜਮੈਂਟ ਨੇ ਦੋਸ਼ ਨਕਾਰੇ
ਸਕੂਲ ਮੈਨੇਜਮੈਂਟ ਨੇ ਅਧਿਆਪਕਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਪ੍ਰਸ਼ਾਸਨ ਵੱਲੋਂ ਸਕੂਲ ਨੂੰ ਲੱਗਾ ਜਿੰਦਾ ਖੁੱਲ੍ਹਵਾਉਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਮੁੜ ਸ਼ੁਰੂ ਹੋ ਸਕੇਗੀ।Advertisement