ਪੀਯੂ ਵਿਦਿਆਰਥੀ ਹੱਤਿਆ ਕਾਂਡ: ਵਿਦਿਆਰਥੀਆਂ ਵੱਲੋਂ ਸਟੂਡੈਂਟਸ ਸੈਂਟਰ ’ਚ ਧਰਨਾ
ਕੁਲਦੀਪ ਸਿੰਘ
ਚੰਡੀਗੜ੍ਹ, 31 ਮਾਰਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਿਆਣਵੀ ਗਾਇਕ ਦੇ ਲਾਈਵ ਸ਼ੋਅ ਦੌਰਾਨ ਯੂਆਈਈਟੀ ਦੇ ਦੂਜੇ ਸਾਲ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੇ ਕਤਲ ਕੇਸ ਵਿੱਚ ਭਾਵੇਂ ਪੁਲੀਸ ਨੇ ਚਾਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਪ੍ਰੰਤੂ ਵਿਦਿਆਰਥੀ ਜਥੇਬੰਦੀਆਂ ਵੱਲੋਂ ਅਥਾਰਿਟੀ ਖਿਲਾਫ਼ ਸਟੂਡੈਂਟਸ ਸੈਂਟਰ ਵਿੱਚ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਪੀਐੱਸਯੂ (ਲਲਕਾਰ), ਐੱਸਐੱਫਐੱਸ, ਪੰਜਾਬਨਾਮਾ, ਸੀਵਾਈਐੱਸਐੱਸ, ਐੱਨਐੱਸਯੂਆਈ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਸੋਪੂ, ਪੂਸੂ ਸਣੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਧਰਨੇ ’ਤੇ ਬੈਠੇ ਅਤੇ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਾਈਸ ਚਾਂਸਲਰ, ਡੀਐੱਸਡਬਲਿਊ (ਲੜਕੇ), ਚੀਫ਼ ਸਕਿਉਰਿਟੀ ਅਫ਼ਸਰ ਦੇ ਅਸਤੀਫ਼ੇ ਦੀ ਮੰਗ ਕੀਤੀ। ਸਟੂਡੈਂਟਸ ਸੈਂਟਰ ਦੀ ਇਮਾਰਤ ’ਤੇ ਵਿਦਿਆਰਥੀਆਂ ਨੇ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਪੋਸਟਰ ਵੀ ਚਿਪਕਾ ਦਿੱਤੇ ਹਨ। ਸ਼ਾਮ ਸਮੇਂ ਡੀਐੱਸਡਬਲਿਯੂ (ਵਿਮੈਨ) ਪ੍ਰੋ. ਸਿਮਰਤ ਕਾਹਲੋਂ ਨੇ ਧਰਨੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਉਹ ਆਪਣੀ ਮੰਗ ’ਤੇ ਬਜਿੱਦ ਰਹੇ। ਵਿਦਿਆਰਥੀ ਆਗੂਆਂ ਵਿਦਿਆਰਥੀ ਕੌਂਸਲ ਆਗੂ ਅਰਚਿਤ ਗਰਗ ਸਮੇਤ ਜ਼ੋਬਨ, ਸਾਰਾਹ, ਗੌਤਮ, ਬਲਰਾਜ ਆਦਿ ਨੇ ਕਿਹਾ ਕਿ ਆਦਿੱਤਿਆ ਠਾਕੁਰ ਦੇ ਕਤਲ ਵਾਸਤੇ ਸਿੱਧੇ ਰੂਪ ਵਿੱਚ ਪੀਯੂ ਅਥਾਰਿਟੀ ਜ਼ਿੰਮੇਵਾਰ ਹੈ ਕਿਉਂਕਿ 28 ਮਾਰਚ ਦੀ ਰਾਤ ਨੂੰ ਉੱਤਰੀ ਕੈਂਪਸ ਵਿੱਚ ਹੋਏ ਉਕਤ ਸ਼ੋਅ ਵਿੱਚ ਵੱਡੀ ਗਿਣਤੀ ਬਾਹਰੀ ਨੌਜਵਾਨਾਂ ਦਾ ਕਾਰਾਂ ਸਣੇ ਹਥਿਆਰਾਂ ਸਮੇਤ ਕੈਂਪਸ ਵਿੱਚ ਦਾਖ਼ਲ ਹੋਣਾ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਟੂਡੈਂਟਸ ਸੈਂਟਰ ’ਤੇ ਵਿਦਿਆਰਥੀਆਂ ਦੇ ਧਰਨੇ ਦੌਰਾਨ ਵੱਡੀ ਗਿਣਤੀ ਵਰਦੀਧਾਰੀ ਅਤੇ ਸਿਵਲ ਕੱਪੜਿਆਂ ਵਿੱਚ ਚੰਡੀਗੜ੍ਹ ਪੁਲੀਸ ਅਤੇ ਸਕਿਉਰਿਟੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿ ਧਰਨੇ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਹੋਸਟਲਾਂ ਵਿੱਚ ਵੀ ਜਾ ਕੇ ਪੁੱਛ-ਪੜਤਾਲ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਏਬੀਵੀਪੀ ਵੱਲੋਂ ਪੀਯੂ ਕੈਂਪਸ ਵਿੱਚ ਪੈਦਲ ਮਾਰਚ
ਪੰਜਾਬ ਯੂਨੀਵਰਸਿਟੀ ਵਿੱਚ ਯੂਆਈਈਟੀ ਵਿਭਾਗ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਕਤਲ ਕੇਸ ਦੀ ਨਿਆਂਇਕ ਜਾਂਚ ਕਰਵਾਉਣ ਅਤੇ ਕੈਂਪਸ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਵੱਲੋਂ ਰੋਸ ਮਾਰਚ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਨੇਗੀ ਨੇ ’ਵਰਸਿਟੀ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਅਕਾਦਮਿਕ ਮਾਹੌਲ ਪੈਦਾ ਕਰਨ ਦੀ ਬਜਾਇ ਸਿਰਫ਼ ਅਜਿਹੇ ਪ੍ਰੋਗਰਾਮ ਕਰਵਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ ਜਿਸ ਕਰਕੇ ਹਿੰਸਾ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ।Advertisement