ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਪਰੈਲ
ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ (25/11) ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਕੱਚੇ ਮੁਲਾਜ਼ਮਾਂ ਵੱਲੋਂ ਦੋਵੇਂ ਮੁੱਖ ਗੇਟਾਂ ਅੱਗੇ ਬੈਰੀਕੇਡ ਲਗਾ ਕੇ ਬੱਸ ਸਟੈਂਡ ਬੰਦ ਰੱਖਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੱਸ ਸਟੈਂਡ ’ਚ ਦੋ ਘੰਟੇ ਕੋਈ ਬੱਸ ਦਾਖ਼ਲ ਨਹੀਂ ਹੋ ਸਕੀ ਅਤੇ ਬੱਸ ਸਟੈਂਡ ਦੇ ਬਾਹਰਲੇ ਪਾਸੇ ਤੋਂ ਹੀ ਬੱਸਾਂ ਚਲਦੀਆਂ ਰਹੀਆਂ ਅਤੇ ਬੱਸ ਮੁਸਾਫ਼ਰ ਵੀ ਖੱਜਲ-ਖੁਆਰ ਹੋਏ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਸੂਬਾ ਆਗੂ ਕਰਮਜੀਤ ਸਿੰਘ ਕਰਮਾ ਅਤੇ ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਟਰਾਂਸਪੋਰਟ ਵਿਭਾਗ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ। ਮੌਜੂਦਾ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਾਰ-ਵਾਰ ਮੀਟਿੰਗਾਂ ਵਿੱਚ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਜੁਲਾਈ ਨੂੰ ਜੰਥੇਬੰਦੀ ਨਾਲ ਜਲੰਧਰ ਵਿੱਚ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਮੁੱਖ ਮੰਤਰੀ ਨੇ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਦੇ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ, ਬੱਸਾਂ ਪਾਉਣ, ਠੇਕੇਦਾਰ ਬਾਹਰ ਕੱਢਣ, ਸਰਵਿਸ ਰੂਲ ਬਣਾਉਣ ਸਣੇ ਸਾਰੀਆਂ ਮੰਗਾਂ ਦਾ ਹੱਲ ਇੱਕ ਮਹੀਨੇ ਵਿੱਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਮੁੱਖ ਮੰਤਰੀ ਪੰਜਾਬ ਦੇ ਅਦੇਸ਼ ਨਾਲ ਜਥੇਬੰਦੀ ਦੇ ਆਗੂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਪ੍ਰੰਤੂ ਮਨੇਜਮੈਂਟ ਦੇ ਆਧਿਕਾਰੀਆਂ ਦੀ ਨੀਤੀ ਵਿੱਚ ਫਰਕ ਹੈ ਜਾਂ ਫਿਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ। ਲਗਭਗ 8 ਮਹੀਨੇ ਬੀਤ ਚੁੱਕੇ ਹਨ ਪਰੰਤੂ ਮੈਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ਤਿਆਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।