ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਗਮਪੁਰਾ ਪਿੰਡ ਦੀ ਉਸਾਰੀ ਲਈ ਕਾਨਫਰੰਸ
ਸੰਗਰੂਰ, 6 ਅਪਰੈਲ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਅਤੇ ਬੇਗਮਪੁਰਾ ਪਿੰਡ ਦੀ ਉਸਾਰੀ ਲਈ ਇਥੇ ਪਰਜਾਪਤ ਧਰਮਸ਼ਾਲਾ ਵਿੱਚ ਕਾਨਫਰੰਸ ਕੀਤੀ ਗਈ ਜਿਸ ਵਿੱਚ ਦਲਿਤ ਵਰਗ ਨਾਲ ਸਬੰਧਤ ਕਿਰਤੀਆਂ ਨੇ ਸ਼ਮੂਲੀਅਤ ਕੀਤੀ।
ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਬੌੜਾਂ ਨੇ ਦੱਸਿਆ ਕਿ ਜ਼ਮੀਨੀ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਬੇਗਮਪੁਰੇ ਦੀ ਉਸਾਰੀ ਲਈ ਜ਼ੋਨਲ ਕਮੇਟੀ ਦੇ ਸੱਦੇ ਤਹਿਤ ਅੱਜ ਇਲਾਕਾ ਪੱਧਰੀ ਕਾਨਫਰੰਸ ਕੀਤੀ ਹੈ ਤਾਂ ਜੋ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਵਿਚ ਜਾਗਰੂਕ ਜਾ ਸਕੇ ਅਤੇ ਅਗਲੇ ਸੰਘਰਸ਼ਾਂ ਲਈ ਲਾਮਬੰਦ ਕੀਤਾ ਜਾਵੇ। ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਚਰਨ ਸਿੰਘ ਘਰਾਚੋਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਦਲਿਤਾਂ ਅਤੇ ਮਜ਼ਦੂਰਾਂ ਨੂੰ ਹਮੇਸ਼ਾ ਜ਼ਮੀਨੀ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ ਜਿਸ ਕਾਰਨ ਅੱਜ ਵੀ ਪੰਜਾਬ ਦੀ ਵੱਡੀ ਦਲਿਤ ਆਬਾਦੀ ਹਾਸ਼ੀਏ ’ਤੇ ਧੱਕੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ 15 ਮਈ ਨੂੰ ਸੰਗਰੂਰ ਨੇੜੇ ਬੇਚਿਰਾਗ ਪਿੰਡ ਬੀੜ ਐਸ਼ਵਨ ਵਾਲੀ ਜ਼ਮੀਨ ਉਪਰ ਪਿੰਡ ਬੇਗਮਪੁਰਾ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਪਿੰਡ ਪੱਧਰ ਉੱਪਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਕਮੇਟੀਆਂ ਬਣਾਉਣ ਅਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ। ਬਲਾਕ ਆਗੂ ਰਾਜ ਕੌਰ ਬਡਰੁੱਖਾਂ ਨੇ ਕਾਨਫਰੰਸ ਵਿੱਚ ਪਹੁੰਚੇ ਕਾਰਕੁਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਕਾਨਫਰੰਸ ਨੂੰ ਸੁਖਵਿੰਦਰ ਕੌਰ ਕੁਲਾਰਾਂ, ਵੀਰ ਸਿੰਘ ਭੰਮਾਂਬੱਦੀ, ਬਲਵੀਰ ਸਿੰਘ ਮੰਗਵਾਲ, ਬੂਟਾ ਸਿੰਘ, ਬਲਵਾੜ ਕਲਾਂ, ਹਰਬੰਸ ਸਿੰਘ ਚੱਠੇ, ਰਣਜੀਤ ਸਿੰਘ ਸੋਹੀਆਂ, ਗੁਰਜੰਟ ਸਿੰਘ ਕੰਮੋਮਾਜਰਾ ਕਲਾਂ, ਹਰਮੇਸ਼ ਸਿੰਘ ਕੰਮੋਮਾਜਰਾ ਖੁਰਦ, ਸੀਤਾ ਸਿੰਘ ਗੱਗੜਪੁਰ ਅਤੇ ਪਰਮਜੀਤ ਸਿੰਘ ਦੇਹ ਕਲਾਂ ਨੇ ਸੰਬੋਧਨ ਕੀਤਾ।