ਪਾਵਰਕੌਮ ਦੇ ਐੱਸਡੀਓ ਤੇ ਜੇਈ ਨੂੰ ਦੋ-ਦੋ ਸਾਲ ਦੀ ਕੈਦ
ਰਾਮ ਸਰਨ ਸੂਦ
ਅਮਲੋਹ, 14 ਅਪਰੈਲ
ਸਬ-ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਪੀਐੱਸਪੀਸੀਐੱਲ ਦੇ ਸਬ-ਡਿਵੀਜ਼ਨਲ ਅਫ਼ਸਰ ਜਸਵਿੰਦਰ ਸਿੰਘ ਅਤੇ ਜੂਨੀਅਰ ਇੰਜਨੀਅਰ ਦਰਸ਼ਨ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 2-2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 1-1 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ।
ਇਹ ਕੇਸ 22 ਅਪਰੈਲ 2014 ਦਾ ਹੈ, ਜਦੋਂ ਪਿੰਡ ਭਾਦਲਾ ਉੱਚਾ ਦੇ ਪ੍ਰਾਈਵੇਟ ਇਲੈਕਟ੍ਰੀਸ਼ਨ ਪਰਵਿੰਦਰ ਸਿੰਘ ਨੂੰ ਪਾਵਰਕੌਮ ਦੇ ਅਧਿਕਾਰੀਆਂ ਦੇ ਕਹਿਣ ’ਤੇ 11 ਕੇਵੀ ਦੇ ਟ੍ਰਾਂਸਫਾਰਮਰ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਿਆ ਸੀ। ਅਦਾਲਤ ਨੂੰ ਦਿੱਤੇ ਗਏ ਸਬੂਤਾਂ ਮੁਤਾਬਕ ਉਸ ਸਮੇਂ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ਅਤੇ ਕੋਈ ਸੁਰੱਖਿਆ ਉਪਾਅ ਵੀ ਨਹੀਂ ਕੀਤਾ ਗਿਆ, ਜਿਸ ਕਾਰਨ ਪਰਵਿੰਦਰ ਸਿੰਘ ਦੀ ਸੱਜੀ ਬਾਂਹ ਵੱਢਣੀ ਪਈ ਅਤੇ ਉਸ ਦੀ ਸੱਜੀ ਅੱਖ ਦੀ ਰੌਸ਼ਨੀ ਵੀ ਚਲੀ ਗਈ।
ਗਵਾਹਾਂ ਦੀ ਸੁਣਵਾਈ ਅਤੇ ਜਾਂਚ ਮਗਰੋਂ ਅਦਾਲਤ ਨੇ ਕਿਹਾ ਕਿ ਵਿਭਾਗ ਦੇ ਦੋਵੇਂ ਮੁਲਾਜ਼ਮਾਂ ਨੇ ਗੈਰ-ਸਿਖਲਾਈ ਪ੍ਰਾਪਤ ਨਾਗਰਿਕ ਨੂੰ ਕੁਨੈਕਸ਼ਨ ਕੱਟੇ ਬਿਨਾਂ ਜਾਂ ਉਚ ਜੋਖਮ ਵਾਲਾ ਮੁਰੰਮਤ ਕਾਰਜ ਕਰਨ ਦੀ ਹਦਾਇਤ ਦੇ ਕੇ ਲਾਪਰਵਾਹੀ ਅਤੇ ਕਾਹਲੀ ਵਾਲਾ ਕੰਮ ਕੀਤਾ ਹੈ। ਅਦਾਲਤ ਨੇ ਕਿਹਾ ਕਿ ਜ਼ਿੰਮੇਵਾਰ ਅਹੁਦਿਆਂ ’ਤੇ ਤਾਇਨਾਤ ਸਰਕਾਰੀ ਕਰਮਚਾਰੀਆਂ ਵੱਲੋਂ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦੀ। ਇਸ ਕੇਸ ਵਿੱਚ ਮੁਦਈ ਵੱਲੋਂ ਪੈਰਵੀ ਐਡਵੋਕੇਟ ਮਨੀਸ਼ ਮੋਦੀ ਨੇ ਕੀਤੀ, ਜਦਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰੀ ਵਕੀਲ ਭਵਨ ਕਥੂਰੀਆ ਪੇਸ਼ ਹੋਏ। ਬਾਅਦ ਵਿਚ ਐਡਵੋਕੇਟ ਮੋਦੀ ਨੇ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੋਈ ਵੀ ਅਧਿਕਾਰੀ ਜਵਾਬਦੇਹੀ ਤੋਂ ਪਿੱਛੇ ਨਹੀਂ ਹੱਟ ਸਕਦਾ।