Punjab News - Road Accident: ਸਕਾਰਪੀਓ ਹੇਠ ਆ ਕੇ ਖੰਨਾ ਵਾਸੀ ਦੀ ਮੌਤ
ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਅਪਰੈਲ
ਇਥੋਂ ਦੇ ਨਵੀਂ ਅਬਾਦੀ ਚੌਕ ਨੇੜੇ ਬੀਤੀ ਦੇਰ ਰਾਤ ਇਕ ਵਿਅਕਤੀ ਨੂੰ ਸਕਾਰਪੀਓ ਕਾਰ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਉਪਰੰਤ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ।
ਸੂਚਨਾ ਮਿਲਣ ਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਧਰਮਿੰਦਰ ਕੁਮਾਰ (45) ਵਜੋਂ ਹੋਈ ਜੋ ਖਾਲਸਾ ਪੈਟਰੋਲ ਪੰਪ ਨੇੜੇ ਰਹਿੰਦਾ ਸੀ। ਮ੍ਰਿਤਕ ਦੇ ਭਰਾ ਦਲੀਪ ਕੁਮਾਰ ਨੇ ਦੱਸਿਆ ਕਿ ਧਰਮਿੰਦਰ ਭਾਜਪਾ ਆਗੂ ਇਕਬਾਲ ਸਿੰਘ ਚੰਨੀ ਦੀ ਵਰਕਸ਼ਾਪ ਵਿਚ ਕੰਮ ਕਰਦਾ ਸੀ ਅਤੇ 3 ਬੱਚਿਆਂ ਦਾ ਪਿਤਾ ਸੀ।
ਸ੍ਰੀ ਚੰਨੀ ਨੇ ਦੱਸਿਆ ਕਿ ਸਕਾਰਪੀਓ ਕਾਰ ਧਰਮਿੰਦਰ ਦੀ ਛਾਤੀ ਅਤੇ ਮੂੰਹ ਉਤੋਂ ਲੰਘ ਗਈ। ਉਹ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਦੋ ਧੀਆਂ ਅਤੇ ਇਕ ਪੁੱਤਰ ਹੈ। ਪਰਿਵਾਰ ਮੈਬਰਾਂ ਨੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਥਾਣਾ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।