Punjab News: ਕੈਬਨਿਟ ਮੰਤਰੀ ਮੁੰਡੀਆਂ ਦੇ ਗੰਨਮੈਨ ਦੀ ਭੇਤ-ਭਰੀ ਹਾਲਤ ’ਚ ਗੋਲੀ ਲੱਗਣ ਨਾਲ ਮੌਤ
ਪੁਲੀਸ ਮੌਤ ਨੂੰ ਖ਼ੁਦਕੁਸ਼ੀ ਮੰਨ ਕੇ ਚੱਲ ਰਹੀ, ਪਰ ਪਰਿਵਾਰ ਨੇ ਲਾਏ ਕਤਲ ਦੇ ਦੋਸ਼; ਪਿੰਡ ਦੇ ਹੀ ਜਾਣਕਾਰ ਦੇ ਘਰੋਂ ਮਿਲੀ ਗੁਰਕੀਰਤ ਸਿੰਘ ਗੋਲਡੀ ਦੀ ਲਾਸ਼; ਪਰਿਵਾਰ ਮੁਤਾਬਕ ਗੋਲਡੀ ਦੇ ਸਨ ‘ਜਾਣਕਾਰ ਦੀ ਕੁੜੀ ਨਾਲ ਸਬੰਧ’
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 28 ਅਪਰੈਲ
ਇਥੋਂ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਬੀਤੀ ਦੇਰ ਰਾਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਦੀ ਭੇਤ-ਭਰੇ ਹਾਲਾਤ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਂਚ ਵਿਚ ਪੁਲੀਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ ਜਦੋਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਨੂੰ ਕਤਲ ਕਰਾਰ ਦੇ ਰਹੇ ਹਨ।
ਪਰਿਵਾਰਕ ਜੀਆਂ ਮੁਤਾਬਕ ਘਟਨਾ ਵਾਪਰਨ ਸਮੇਂ ਗੁਰਕੀਰਤ ਸਿੰਘ ਗੋਲਡੀ ਆਪਣੇ ਹੀ ਪਿੰਡ ਦੇ ਇਕ ਜਾਣਕਾਰ ਵਿਅਕਤੀ ਦੇ ਘਰ ਗਿਆ ਹੋਇਆ ਸੀ ਜਿਸ ਦੀ ‘ਬੇਟੀ ਨਾਲ ਗੁਰਕੀਰਤ ਦੇ ਸਬੰਧ’ ਸਨ।
ਪੁਲੀਸ ਨੂੰ ਸੂਚਨਾ ਮਿਲਦੇ ਹੀ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਅਤੇ ਐਸਐਚਓ ਅਕਾਸ਼ ਦੱਤ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਗੁਰਕੀਰਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਮੌਤ ਦੇ ਅਸਲੀ ਕਾਰਨ ਅਜੇ ਸਪੱਸ਼ਟ ਨਹੀਂ ਹਨ। ਪੁਲੀਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਜਿਵੇਂ ਹੀ ਪੁਲੀਸ ਨੇ ਮ੍ਰਿਤਕ ਗੰਨਮੈਨ ਗੁਰਕੀਰਤ ਸਿੰਘ ਦੀ ਲਾਸ਼ ਨੂੰ ਚੁੱਕਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਭਾਰੀ ਵਿਰੋਧ ਕਰਨਾ ਅਰੰਭ ਦਿੱਤੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਇੱਕਠੇ ਹੋ ਗਏ। ਦੂਜੇ ਪਾਸੇ ਮ੍ਰਿਤਕ ਦੀ ਮਾਤਾ ਦਲਜੀਤ ਕੌਰ ਨੇ ਦੋਸ਼ ਲਾਏ ਕਿ ‘ਜਿਸ ਵਿਅਕਤੀ ਦੇ ਘਰੋਂ ਗੁਰਕੀਰਤ ਸਿੰਘ ਦੀ ਲਾਸ਼ ਮਿਲੀ ਹੈ ਉਸ ਦੀ ਲੜਕੀ ਨਾਲ ਉਸ ਦੇ ਪ੍ਰੇਮ ਸਬੰਧ’ ਸਨ। ਉਸ ਨੇ ਕਿਹਾ ਕਿ ਗੁਰਕੀਰਤ ਖ਼ੁਦਕੁਸ਼ੀ ਨਹੀਂ ਕਰ ਸਕਦਾ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।