ਪਾਵਰਕੌਮ ਖਪਤਕਾਰਾਂ ਤੋਂ ਵਸੂਲ ਰਿਹੈ ਵਾਧੂ ਬਿੱਲ: ਢਿੱਲੋਂ
ਜਗਮੋਹਨ ਸਿੰਘ
ਘਨੌਲੀ, 16 ਮਾਰਚ
ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਇਜ਼ਜ਼ ਭਾਰਤ ਸਰਕਾਰ ਦੇ ਸਾਬਕਾ ਡਾਇਰੈਕਟਰ ਸੁਖਬੀਰ ਸਿੰਘ ਢਿੱਲੋਂ ਨੇ ਪਾਵਰਕੌਮ ਵੱਲੋਂ ਬਿਜਲੀ ਵਿੱਚ ਗਲਤ ਫਾਰਮੂਲਾ ਲਗਾ ਕੇ ਖਪਤਕਾਰਾਂ ਤੋਂ ਫਿਕਸ ਚਾਰਜ (ਟੈਰਿਫ) ਵਜੋਂ ਵਾਧੂ ਬਿੱਲ ਵਸੂਲਣ ਦੀ ਥਾਂ ਫਾਰਮੂਲੇ ਨੂੰ ਦਰੁੱਸਤ ਕਰਕੇ ਸਹੀ ਚਾਰਜ ਵਸੂਲਣ ਦੀ ਮੰਗ ਕੀਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬਿਜਲੀ ਦੇ ਬਿੱਲਾਂ ਦੀ ਮਿਆਦ ਅਸਲ ਵਿੱਚ ਬਿੱਲ ਦਾ ਸਾਈਕਲ ਹੈ, ਜੋ ਮਹੀਨਾਵਾਰ ਜਾਂ ਦੋ ਮਹੀਨਾਵਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਬਿਲ ਮਹੀਨਾਵਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਗੁਣਾਤਮਕ ਇੱਕ (1) ਹੋਣਾ ਚਾਹੀਦਾ ਹੈ ਅਤੇ ਜੇਕਰ ਦੋ ਮਹੀਨਾਵਾਰ ਹੈ ਤਾਂ ਇਹ (0.5) ਹੋਣਾ ਚਾਹੀਦਾ ਹੈ ਪਰ ਪਾਵਰਕੌਮ ਵੱਲੋਂ ਇਸ ਨੂੰ ਦਿਨਾਂ ਨਾਲ ਗੁਣਾ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਢਿੱਲੋਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਫਿਕਸ ਚਾਰਜ ਸਿਰਫ 30 ਰੁਪਏ ਅਤੇ ਦਿੱਲੀ ਵਿੱਚ ਵੱਧ ਤੋਂ ਵੱਧ 100 ਰੁਪਏ ਹੀ ਵਸੂਲਿਆ ਜਾਂਦਾ ਹੈ। ਪੰਜਾਬ ਵਿੱਚ ਸਰਚਾਰਜ ਵਜੋਂ ਖਪਤਕਾਰਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।
‘ਫਿਕਸ ਚਾਰਜ ਵਸੂਲੇ ਜਾ ਰਹੇ ਨੇ’
ਪੀਐੱਸਪੀਸੀਐੱਲ ਦੇ ਐੱਸਈ ਬਿਲਿੰਗ ਸਤਵਿੰਦਰ ਸਿੰਘ ਸੈਂਹਬੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੀਆਂ ਦਰਾਂ ਦੇ ਹਿਸਾਬ ਨਾਲ ਖਪਤਕਾਰਾਂ ਤੋਂ ਫਿਕਸ ਚਾਰਜ ਵਸੂਲ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਦਾ ਫਰਕ ਹੋਣ ਕਾਰਨ ਤੇ ਕਈ ਵਾਰੀ ਮੀਟਰ ਰੀਡਰ ਵੱਲੋਂ ਮੀਟਰ ਦੀ ਰੀਡਿੰਗ ਲੈਣ ਸਮੇਂ ਦਿਨਾਂ ਦਾ ਫਰਕ ਆ ਜਾਂਦਾ ਹੈ, ਜਿਸ ਕਰਕੇ ਮਹੀਨੇ ਦੇ ਹਿਸਾਬ ਨਾਲ ਫਿਕਸ ਚਾਰਜ ਵਸੂਲਣ ਦੀ ਬਜਾਇ ਫਿਕਸ ਚਾਰਜ ਨੂੰ ਸਾਲ ਦੇ ਮਹੀਨਿਆਂ ਨਾਲ ਕੈਲਕੂਲੇਟ ਕਰਕੇ ਇੱਕ ਦਿਨ ਦੇ ਚਾਰਜ ਦਾ ਹਿਸਾਬ ਬਣਾ ਕੇ ਜਿੰਨੇ ਦਿਨਾਂ ਦਾ ਬਿੱਲ ਹੁੰਦਾ ਹੈ, ਉਨੇ ਦਿਨਾਂ ਨਾਲ ਗੁਣਾ ਕਰਕੇ ਲਿਆ ਜਾਂਦਾ ਹੈ।