ਦੂਸ਼ਿਤ ਪਾਣੀ ਪਸ਼ੂਆਂ ਦੀ ਜਾਨ ਦਾ ਖੌਅ ਬਣਿਆ
ਬਲਵਿੰਦਰ ਰੈਤ
ਨੰਗਲ, 16 ਮਾਰਚ
ਇੱਥੋਂ ਨੇੜਲੇ ਪਿੰਡ ਤਲਵਾੜਾ, ਦਬੇਟਾ ਅਤੇ ਬਰਮਾਲਾ ਵਿੱਚ ਹਿਮਾਚਲ ਪ੍ਰਦੇਸ਼ ਦੇ ਗੋਲਥਾਈ ਦੀ ਇੰਡਸਟਰੀ ਤੋਂ ਆਉਂਦਾ ਕੈਮੀਕਲ ਵਾਲਾ ਪਾਣੀ ਪਸ਼ੂਆਂ ਦੀ ਜਾਨ ਦਾ ਖੋਅ ਬਣਿਆ ਹੋਇਆ ਹੈ। ਬੀਤੇ ਦਿਨ ਦੂਸ਼ਿਤ ਪਾਣੀ ਨਾਲ ਤਿੰਨ ਜੰਗਲੀ ਸੂਰਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਇਨ੍ਹਾਂ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੈਮੀਕਲ ਵਾਲੇ ਪਾਣੀ ਕਾਰਨ ਪਸ਼ੂਆਂ ਦੇ ਪੈਰਾਂ ਦੇ ਖੁਰ ਗਲਣ ਲੱਗ ਪਏ ਹਨ। ਸਮਾਜ ਸੇਵੀ ਲਖਵੀਰ ਸਿੰਘ ਲੱਕੀ, ਹਰਮੀਤ ਸੈਣੀ ਅਤੇ ਰੂਪ ਲਾਲ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਪਿੰਡ ਕੋਲੋਂ ਵਹਿੰਦੇ ਦੂਸ਼ਿਤ ਪਾਣੀ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਫੈਕਟਰੀਆਂ ਨੂੰ ਜਾਣ ਵਾਲੇ ਟਰੱਕਾਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਹਿਮਾਚਲ ਪ੍ਰਦੇਸ਼ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ‘ਵਹਿਣ’ ਦੇ ਮੋੋਢੀ ਭਗਵੰਤ ਸਿੰਘ ਮਟੌਰ ਨੇ ਕਿਹਾ ਕਿ ਜੇਕਰ ਸਰਕਾਰਾਂ ਇਸ ਪਾਣੀ ਦਾ ਕੋਈ ਹੱਲ ਨਹੀਂ ਕਰਦੀਆਂ ਤਾਂ ਉਨ੍ਹਾਂ ਦੀ ਟੀਮ ਹਾਈ ਕੋਰਟ ਜਾਵੇਗੀ।
ਜਾਂਚ ਲਈ ਟੀਮਾਂ ਬਣਾਈਆਂ: ਐੱਸਡੀਐੱਮ
ਐੱਸਡੀਐੱਮ ਨੰਗਲ ਅਨਮਜੋਤ ਕੌਰ ਨੇ ਦੱਸਿਆ ਕਿ ਪੰਚਾਇਤ ਵਿਭਾਗ ਅਤੇ ਮਾਲ ਵਿਭਾਗ ਸਣੇ ਹੋਰ ਵਿਭਾਗਾਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਐੱਸਡੀਐੱਮ ਸਵਾਰਘਾਟ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਮੱਸਿਆ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ। ਕਿਸੇ ਨੂੰ ਵੀ ਪਾਣੀ ਦੂਸ਼ਿਤ ਕਰਨ ਦੀ ਅਗਿਆ ਨਹੀਂ ਦਿੱਤੀ ਜਾਵੇਗੀ।
‘ਰਿਪੋਰਟ ਦੇ ਆਧਾਰ ’ਤੇ ਕਾਰਵਾਈ ਹੋਵੇਗੀ’
ਤਲਵਾੜਾ ਦੇ ਜੰਗਲੀ ਖੇਤਰ ਵਿੱਚ ਭੇਤ-ਭਰੀ ਹਾਲਤ ਵਿੱਚ ਮਰੇ ਤਿੰਨ ਸੂਰਾਂ ਦਾ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਡੀਐੱਫਓ ਰੂਪਨਗਰ ਕੁਲਜੀਤ ਸਿੰਘ ਨੇ ਦੱਸਿਆ ਕਿ ਭਲਕੇ ਰਿਪੋਰਟ ਆ ਜਾਵੇਗੀ, ਜਿਸ ਮਗਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।