ਜਥੇਦਾਰਾਂ ਨੂੰ ਹਟਾਉਣ ਦੇ ਰੋਸ ’ਚ ਗੜ੍ਹੀ ਨੂੰ ਮੰਗ ਪੱਤਰ ਦੇਣ ਪੁੱਜੀ ਸੰਗਤ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਮਾਰਚ
ਤਿੰਨ ਸਿੰਘ ਸਾਹਿਬਾਨਾਂ ਨੂੰ ਹਟਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੇ ਨਿਵਾਸ ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਅੱਜ ਪਹੁੰਚੀ ਸਿੱਖ ਸੰਗਤ ਨੇ ਜਥੇਦਾਰ ਗੜ੍ਹੀ ਨੂੰ ਮੰਗ ਪੱਤਰ ਦਿੱਤਾ। ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਆਏ ਪੰਥਕ ਆਗੂਆਂ ਤੇ ਵਰਕਰਾਂ ਨੇ ਇਸ ਮੌਕੇ ਜਥੇਦਾਰ ਗੜ੍ਹੀ ਨੂੰ ਅਪੀਲ ਕੀਤੀ ਕਿ 17 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੀ ਚੰਡੀਗੜ੍ਹ ਵਿੱਚ ਹੋ ਰਹੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਦੀ ਮੁੜ ਬਹਾਲੀ ਯਕੀਨੀ ਬਣਾਈ ਜਾਵੇ। ਚਰਨਜੀਤ ਬਰਾੜ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਜਥੇ: ਜਰਨੈਲ ਸਿੰਘ ਕਰਤਾਰਪੁਰ, ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਅਬਰਿੰਦਰ ਸਿੰਘ ਕੰਗ, ਹਰਪ੍ਰੀਤ ਸਿੰਘ ਅਮਲਾਲਾ, ਦਵਿੰਦਰ ਸਿੰਘ ਕਰਾਲਾ, ਅਸ਼ੋਕ ਕੁਮਾਰ ਖੇੜਾਗੱਜੂ, ਸਤਵਿੰਦਰ ਸਿੰਘ ਮਿਰਜ਼ਾਪੁਰ, ਜਤਿੰਦਰ ਸਿੰਘ ਰੋਮੀ, ਜਸਵੰਤ ਸਿੰਘ ਹੁਲਕਾ, ਜਥੇਦਾਰ ਕੁਲਦੀਪ ਸਿੰਘ ਖਾਨਪੁਰ, ਬਾਬਾ ਸ਼ਿੰਗਾਰਾ ਸਿੰਘ, ਕੇਸਰ ਸਿੰਘ ਬਖਸ਼ੀਵਾਲਾ, ਪਰਮਜੀਤ ਸਿੰਘ ਸੰਧਾਰਸੀ ਅਤੇ ਜਸਪਾਲ ਸਿੰਘ ਜਥੇਦਾਰ ਗੜ੍ਹੀ ਦੇ ਘਰ ਸਾਹਮਣੇ ਪਹੁੰਚੇ।
ਜਥੇਦਾਰ ਗੜ੍ਹੀ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਸਮੁੱਚੇ ਆਗੂਆਂ ਅਤੇ ਵਰਕਰਾਂ ਨੂੰ ਚਾਹ-ਪਾਣੀ ਦੀ ਪੇਸਕਸ਼ ਵੀ ਕੀਤੀ। ਚਰਨਜੀਤ ਬਰਾੜ ਨੇ ਸਮੁੱਚੀ ਸੰਗਤ ਵੱਲੋਂ ਜਥੇਦਾਰ ਗੜ੍ਹੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਿੰਘ ਸਾਹਿਬਾਨ ਨੂੰ ਹਟਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ, ਜਿਸ ਪ੍ਰਤੀ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੂੰ ਬਦਲਣ ਲਈ ਕਾਰਜਕਾਰਨੀ ਦੇ ਮੈਂਬਰ ਆਪਣੇ ਫਰਜ਼ ਨਿਭਾਉਣ।
ਜਥੇਦਾਰ ਗੜ੍ਹੀ ਨੇ ਆਖਿਆ ਕਿ ਪਹਿਲਾਂ ਵੀ ਸਿੰਘ ਸਾਹਿਬਾਨਾਂ ਨੂੰ ਸ਼੍ਰੋਮਣੀ ਕਮੇਟੀ ਅਹੁਦਿਆਂ ਤੋਂ ਹਟਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵੀ ਕਾਰਜਕਾਰਣੀ ਕਮੇਟੀ ਵੱਲੋਂ ਬਹੁਤ ਸੋਚ ਵਿਚਾਰ ਮਗਰੋਂ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਜਥੇ ਕੋਲੋਂ ਮੰਗ ਪੱਤਰ ਵੀ ਹਾਸਲ ਕੀਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਕਈ ਸਥਾਨਕ ਆਗੂ ਹਾਜ਼ਰ ਸਨ।