ਨਹਿਰ ਦੇ ਪੁਲ ’ਤੇ ਲੱਗੇ ਜਾਲ ਦੀ ਮਿਆਦ ਪੁੱਗੀ
ਬਲਵਿੰਦਰ ਰੈਤ
ਨੰਗਲ, 17 ਮਾਰਚ
ਨੰਗਲ ਡੈਮ ਤੋਂ ਬੀਬੀਐੱਮਬੀ ਨਹਿਰ ਨੂੰ ਛੱਡਣ ਵਾਲੇ ਪਾਣੀ ਦੇ ਗੇਟਾਂ ਵਾਲੇ ਪੁਲ ’ਤੇ ਲੱਗੇ ਜਾਲ ਖਸਤਾ ਹਾਲ ਹੋਣ ਕਾਰਨ ਕਦੇ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ। ਪੁਲ ’ਤੇ ਪੈਂਦਾ ਰੇਲਵੇ ਫਾਟਕ ਬੰਦ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਅਕਸਰ ਦੇਖੀਆਂ ਜਾ ਸਕਦੀਆਂ ਹਨ। ਭਾਵੇਂ ਬੀਬੀਐੱਮਬੀ ਵਿਭਾਗ ਨੇ ਇੱਥੋਂ ਨਿਕਲਣ ਵਾਲੀ ਇਸ ਨਹਿਰ ਦੇ ਦੋਵੇਂ ਪਾਸੇ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰੀ ਤੱਕ ਕਾਫੀ ਉਚੇ ਜਾਲ ਲਗਾ ਦਿੱਤੇ ਹਨ ਤਾਂ ਕਿ ਕੋਈ ਵਿਅਕਤੀ ਨਹਿਰ ਵਿੱਚ ਛਾਲ ਮਾਰ ਕੇ ਜਾਨੀ ਨੁਕਾਸਾਨ ਨਾ ਕਰ ਸਕੇ। ਨੰਗਲ ਡੈਮ ਤੋਂ ਨਿਕਲਦੀ ਦੂਜੀ ਆਨੰਦਪੁਰ ਸਾਹਿਬ ਨਹਿਰ ਵੀ ਦੋਵਾਂ ਕਿਨਾਰਿਆਂ ਤੋਂ ਸੁਰੱਖਿਅਤ ਨਹੀਂ ਹੈ। ਨੰਗਲ ਡੈਮ ਪੁਲ ’ਤੇ ਖਸਤਾ ਹਾਲਤ ਜਾਲ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪੁਲ ਤੋਂ ਕੋਈ ਬੰਦਾ ਡਿੱਗ ਜਾਵੇ ਤਾਂ ਇੱਥੇ ਪਾਣੀ ਦੀ ਘੰੁਮਣਘੇਰੀ ਤੋਂ ਬਚਣਾ ਔਖਾ ਹੈ। ਜੇਕਰ ਬੇਕਾਬੂ ਵਾਹਨ ਇਹ ਜਾਲੀਆਂ ਤੋੜ ਕੇ ਨਹਿਰ ਵਿੱਚ ਡਿੱਗਦਾ ਹੈ ਤਾਂ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਇੱਥੇ ਪਾਣੀ ਦੀ ਵਹਾਅ ਕਾਫੀ ਤੇਜ਼ ਹੈ ਤੇ ਪਾਣੀ ਕਾਫੀ ਡੂੰਘਾ ਹੈ। ਲੋਕਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਇਨ੍ਹਾਂ ਖਸਤਾ ਜਾਲ ਨੂੰ ਬਦਲਣ ਤੇ ਇਸ ਦੇ ਗਲਿਆਰਿਆਂ ਨੂੰ ਉਚਾ ਚੁੱਕਣ ਦੀ ਮੰਗ ਕੀਤੀ ਹੈ। ਇਸ ਸਬੰਧੀ ਵਿਭਾਗ ਦੀ ਚੀਫ ਇੰਜਨੀਅਰ ਸੀਪੀ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਐੱਸਡੀਐੱਮ ਨੰਗਲ ਅਮਨਜੋਤ ਕੌਰ ਨੇ ਕਿਹਾ ਕਿ ਉਹ ਇਸ ਸਬੰਧੀ ਵਿਭਾਗ ਨੂੰ ਨਵਾਂ ਜਾਲ ਉੱਚਾ ਕਰਕੇ ਲਗਾਉਣ ਲਈ ਆਦੇਸ਼ ਜਾਰੀ ਕਰਨਗੇ।