ਦਸਵੀਂ ਦਾ ਪੰਜਾਬੀ ਵਿਸ਼ੇ ਦਾ ਪ੍ਰਸ਼ਨ-ਪੱਤਰ ਦੇਖ ਬਾਗੋ-ਬਾਗ ਹੋਏ ਵਿਦਿਆਰਥੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਾਰਚ
ਸੀਬੀਐੱਸਈ ਦੀ ਦਸਵੀਂ ਜਮਾਤ ਦਾ ਪੰਜਾਬੀ ਵਿਸ਼ੇ (ਕੋਡ 004) ਦੀ ਪ੍ਰੀਖਿਆ ਅੱਜ ਹੋਈ ਜਿਸ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਪੇਪਰ ਆਸਾਨ ਤੇ ਸੰਤੁਲਿਤ ਆਇਆ। ਪ੍ਰੀਖਿਆ ਕੇਂਦਰਾਂ ਵਿੱਚੋਂ ਬਾਹਰ ਆਏ ਵਿਦਿਆਰਥੀਆਂ ਦੇ ਚਿਹਰੇ ਖਿੜ੍ਹੇ ਹੋਏ ਸਨ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਪੰਜਾਬੀ ਦੇ ਅਧਿਆਪਕਾਂ ਅਨੁਸਾਰ ਪੇਪਰ ਬਹੁਤ ਹੀ ਸੰਤੁਲਿਤ ਸੀ ਤੇ ਪੇਪਰ ਵਿੱਚ ਹਰ ਪੱਧਰ ਦੇ ਵਿਦਿਆਰਥੀਆਂ ਦਾ ਧਿਆਨ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਾਠ-ਪੁਸਤਕਾਂ ਦਾ ਡੂੰਘਾਈ ਨਾਲ਼ ਅਧਿਐਨ ਕੀਤਾ ਹੋਇਆ ਹੋਵੇਗਾ ਉਹ ਬਹੁਤ ਹੀ ਵਧੀਆ ਅੰਕ ਪ੍ਰਾਪਤ ਕਰਨਗੇ। ਦਿੱਲੀ ਦੇ ਪੰਜਾਬੀ ਵਿਸ਼ੇ ਦੇ ਇੱਕ ਅਧਿਆਪਕ ਅਨੁਸਾਰ ਪਿਛਲੇ ਸਾਲ ਵਾਂਗ ਇਸ ਸਾਲ ਵੀ ਸੀਬੀਐੱਸਈ ਨੇ ਪੰਜਾਬੀ ਵਿਸ਼ੇ ਦਾ ਪੇਪਰ ਤਿਆਰ ਕਰਵਾਉਣ ਸਮੇਂ ਸਾਵਧਾਨੀ ਵਰਤੀ ਹੈ, ਕਿਉਂਕਿ ਉਸ ਤੋਂ ਪਹਿਲਾਂ 2022 ਤੇ 2023 ਵਿੱਚ ਸੀਬੀਐੱਸਈ ਦੇ ਪੰਜਾਬੀ ਵਿਸ਼ੇ ਦੇ ਪੇਪਰ ਦੀ ਬਹੁਤ ਆਲੋਚਨਾ ਹੋਈ ਸੀ, ਜਿਸ ਵਿੱਚ ਗ਼ਲਤੀਆਂ ਦੇ ਨਾਲ਼-ਨਾਲ਼ ਨੀਵੇਂ ਪੱਧਰ ਦੇ ਮੁਹਾਵਰਿਆਂ ਪੁੱਛੇ ਜਾਣ ਤੱਕ ਦੇ ਦੋਸ਼ ਲੱਗੇ ਸਨ। ਦੱਸਣਯੋਗ ਹੈ ਕਿ ਇਨ੍ਹਾਂ ਖਬਰਾਂ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ਼ ਪ੍ਰਕਾਸ਼ਿਤ ਕੀਤਾ ਸੀ। ਚੰਡੀਗੜ੍ਹ ਦੇ ਪੰਜਾਬੀ ਵਿਸ਼ੇ ਦੇ ਸੀਨੀਅਰ ਅਧਿਆਪਕ ਅਨੁਸਾਰ ਪੇਪਰ ਵਿੱਚ ਪ੍ਰਸ਼ਨ ਨੰਬਰ 1 ਅਣਡਿੱਠਾ ਵਾਰਤਕ ਪੈਰਾ ਬਹੁਤ ਹੀ ਜਾਣਕਾਰੀ ਭਰਪੂਰ ਤੇ ਪ੍ਰਸ਼ਨ ਨੰਬਰ 2 ਅਣਡਿੱਠੀ ਕਾਵਿ-ਟੁਕੜੀ ਦੇਸ਼-ਭਗਤੀ ਨਾਲ਼ ਹੋਣ ਦੇ ਨਾਲ਼-ਨਾਲ਼ ਬਿਲਕੁਲ ਦਸਵੀਂ ਜਮਾਤ ਦੇ ਪੱਧਰ ਅਨੁਸਾਰ ਪੁੱਛੇ ਗਏ ਹਨ। ਵਿਆਕਰਨ ਵਾਲ਼ੇ ਭਾਗ ਵਿੱਚ ਕੋਈ ਵੀ ਪ੍ਰਸ਼ਨ ਅਜਿਹਾ ਨਹੀਂ ਹੈ ਜੋ ਬੇਲੋੜਾ, ਘੁਮਾਓਦਾਰ ਜਾਂ ਪੱਧਰ ਅਨੁਸਾਰ ਨਾ ਹੋਵੇ।