ਕੰਮ ਦਾ ਦਬਾਅ ਤੇ ਤਣਾਅ ਵਿਸ਼ੇ ’ਤੇ ਸੈਮੀਨਾਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਮਾਰਚ
ਇੱਥੋਂ ਦੇ ਸੈਕਟਰ-69 ਦੇ ਰਿਹਾਇਸ਼ੀ ਪਾਰਕ ਵਿਖੇ ਬ੍ਰਹਮਾਕੁਮਾਰੀ ਸੰਸਥਾ ਵੱਲੋਂ ਤਣਾਅ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਬ੍ਰਹਮਾਕੁਮਾਰੀ ਰਾਜਯੋਗ ਕੇਂਦਰ ਰੂਪਨਗਰ ਦੀ ਇੰਚਾਰਜ ਬ੍ਰਹਮਾਕੁਮਾਰੀ ਡਾ. ਰਮਾ ਨੇ ਕੀਤੀ। ਸਮਾਜ ਸੇਵੀ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਬ੍ਰਹਮਾਕੁਮਾਰੀ ਮੀਨਾ ਮੁੱਖ ਬੁਲਾਰਾ ਸਨ। ਡਾ. ਰਮਾ ਨੇ ਕਿਹਾ ਕਿ ਮਨੁੱਖ ਖ਼ੁਦ ਆਪਣੇ ਕਰਮਾਂ ਦੀ ਫ਼ਸਲ ਬੀਜਦਾ ਹੈ, ਜੋ ਉਸ ਨੂੰ ਖ਼ੁਦ ਹੀ ਵੱਢਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਰ ਵਿਅਕਤੀ ਆਪਣਾ ਫ਼ਰਜ਼ ਨਿਭਾਉਣ ਲਈ ਸੁਤੰਤਰ ਹੈ ਉੱਥੇ ਇਸ ਦੇ ਨਤੀਜੇ ਭੁਗਤਣ ਲਈ ਵੀ ਪਾਬੰਦ ਹੈ।
ਐਰੋਸਿਟੀ ਰਾਜਯੋਗ ਸੈਂਟਰ ਦੀ ਇੰਚਾਰਜ ਬ੍ਰਹਮਾਕੁਮਾਰੀ ਮੀਨਾ ਨੇ ਕਿਹਾ ਕਿ ਅਸੀਂ 30 ਸਾਲ ਪਹਿਲਾਂ ਵੀ ਘਰ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਸੀ ਅਤੇ ਅੱਜ ਵੀ ਕਰਦੇ ਹਾਂ ਪਰ ਪਹਿਲਾਂ ਕਰਮ ਦਾ ਕੋਈ ਦਬਾਅ ਅਤੇ ਤਣਾਅ ਨਹੀਂ ਸੀ, ਜਦੋਂਕਿ ਅਜੋਕੇ ਸਮੇਂ ਵਿੱਚ ਦਬਾਅ ਜ਼ਿਆਦਾ ਵੱਧ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਮਨ ਦੀ ਸ਼ਕਤੀ ਜੋ ਕਰਮ ਕਰਵਾਉਂਦੀ ਹੈ, ਕਮਜ਼ੋਰ ਹੋ ਗਈ ਹੈ। ਇਸ ਲਈ ਮਨੁੱਖ ਵਿੱਚ ਗੁੱਸੇ ਨੂੰ ਸਹਿਣ ਅਤੇ ਕਾਬੂ ਕਰਨ ਦੀ ਤਾਕਤ ਨਹੀਂ ਹੈ।
ਇਸ ਤੋਂ ਪਹਿਲਾਂ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਤਣਾਅ ਮਨੁੱਖ ਨੇ ਖ਼ੁਦ ਹੀ ਸਹੇੜਿਆਂ ਹੈ। ਜੇਕਰ ਸਾਡੇ ਵਿਚਾਰ ਚੰਗੇ ਹੋਣਗੇ ਅਤੇ ਅਸੀਂ ਮਰਿਆਦਾ ਵਿੱਚ ਰਹਿ ਕੇ ਕੰਮ ਕਰਾਂਗੇ ਤਾਂ ਤਣਾਅ ਕਦੇ ਵੀ ਮਨੁੱਖ ਦੇ ਨੇੜੇ-ਤੇੜੇ ਵੀ ਨਹੀਂ ਭਟਕ ਸਕਦਾ ਪ੍ਰੰਤੂ ਦੂਜਿਆਂ ਨੂੰ ਨੀਵਾਂ ਦਿਖਾਉਣ ਅਤੇ ਖ਼ੁਦ ਨੂੰ ਮਹਾਨ ਦਰਸਾਉਣ ਦੀ ਬਿਰਤੀ ਕਾਰਨ ਤਣਾਅ ਮਨੁੱਖ ’ਤੇ ਹਾਵੀ ਹੋ ਗਿਆ ਹੈ। ਸਟਾਰ ਪਬਲਿਕ ਸਕੂਲ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਚੌਧਰੀ ਨੇ ਬ੍ਰਹਮਾਕੁਮਾਰੀ ਭੈਣਾਂ ਦਾ ਸਵਾਗਤ ਕੀਤਾ।