‘ਆਪ’ ਨੇ ਚੰਡੀਗੜ੍ਹ ’ਚ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਵਧਾਏ ਕਦਮ
ਆਤਿਸ਼ ਗੁਪਤਾ
ਚੰਡੀਗੜ੍ਹ, 16 ਮਾਰਚ
ਪੰਜਾਬ ਤੇ ਹਰਿਆਣਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਵਿੱਚ ਵੀ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਕਦਮ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਲੜੀ ਵਿੱਚ ‘ਆਪ’ ਨੇ ਸ਼ਹਿਰ ਦੇ ਕੁੱਲ 35 ਵਾਰਡਾਂ ਵਿੱਚੋਂ 16 ਵਾਰਡਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ। ਪਾਰਟੀ ਨੇ ਇਨ੍ਹਾਂ ਵਾਰਡਾਂ ਵਿੱਚ 86 ਦੇ ਕਰੀਬ ਅਹੁਦੇਦਾਰ ਵੀ ਨਿਯੁਕਤ ਕਰ ਦਿੱਤੇ ਹਨ, ਜਦੋਂ ਕਿ ਹੋਰਨਾਂ ਵਾਰਡਾਂ ਵਿੱਚ ਕਮੇਟੀ ਬਣਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਹ ਕਾਰਵਾਈ ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈ ਪਾਲ ਸਿੰਘ ਤੇ ਜਨਰਲ ਸਕੱਤਰ ਓਕਾਰ ਸਿੰਘ ਔਲਖ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ ਹੈ।
ਅੱਜ ਚੰਡੀਗੜ੍ਹ ਦੇ ਸੈਕਟਰ-39 ਸਥਿਤ ਪਾਰਟੀ ਦਫ਼ਤਰ ਵਿੱਚ ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈ ਪਾਲ ਸਿੰਘ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ 200 ਦੇ ਕਰੀਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਦੇ ਵੱਖ-ਵੱਖ ਵਿੰਗ ਦੇ ਪ੍ਰਧਾਨਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ 16 ਵਾਰਡਾਂ ਵਿੱਚ ਕਮੇਟੀਆਂ ਬਣਾਈਆ ਜਾ ਚੁੱਕੀਆਂ ਹਨ, ਜਦੋਂ ਕਿ ਬਾਕੀ ਵਾਰਡਾਂ ਵਿੱਚ 30 ਮਾਰਚ ਤੱਕ ਕਮੇਟੀਆਂ ਬਨਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ‘ਆਪ’ ਪ੍ਰਧਾਨ ਵਿਜੈ ਪਾਲ ਸਿੰਘ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਜਲਦੀ ਤੋਂ ਜਲਦੀ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ।
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ
ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸੈਕਟਰ-44 ਸਥਿਤ ਸ਼ਹੀਦ ਊਧਮ ਸਿੰਘ ਭਵਨ ਵਿੱਚ ਖ਼ੂਨਦਾਨ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਵਿਜੈ ਪਾਲ ਸਿੰਘ ਨੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੂੰ ਖ਼ੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਕੇ ਅਸੀਂ ਕਿਸੇ ਵੀ ਲੋੜਵੰਦ ਦੀ ਜਾਨ ਬਚਾ ਸਕਦੇ ਹਨ। ਇਸੇ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਖੂਨਦਾਨ ਕਰਕੇ ਵੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਨ। ਉਨ੍ਹਾਂ ਹੋਰਨਾਂ ਸ਼ਹਿਰ ਵਾਸੀਆਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਕੇ ਖ਼ੂਨਦਾਨ ਕਰਨ ਦੀ ਅਪੀਲ ਕੀਤੀ।