ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ: ਮਹਾਲਮ
ਜਸਪਾਲ ਸਿੰਘ ਸੰਧੂ
ਮੱਲਾਂਵਾਲਾ, 10 ਅਪਰੈਲ
ਅੱਜ ਸਿੱਖ ਸੰਗਤਾਂ ਦਾ ਜਥਾ ਅਟਾਰੀ, ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਇਆ। ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਮਹਾਲਮ ਨੇ ਜਥੇ ਨੂੰ ਪਾਰਟੀ ਲੀਡਰ ਸੁਖਦੇਵ ਸਿੰਘ ਗਿੱਲ ਅਤੇ ਡਿਪਟੀ ਪਾਰਟੀ ਲੀਡਰ ਬਲਦੇਵ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤਾ ਅਤੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਈ.ਟੀ.ਬੀ.ਪੀ. ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸ਼ਰਧਾਲੂਆਂ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਈ.ਟੀ.ਬੀ.ਪੀ. ਵੱਲੋਂ ਜਾਰੀ ਪੱਤਰ ਅਨੁਸਾਰ ਇਹ ਜਥਾ ਦੋ ਭਾਗਾਂ ਵਿੱਚ ਵੰਡਿਆ ਗਿਆ। ਤਿੰਨ ਹਜ਼ਾਰ ਦੇ ਕਰੀਬ ਸੰਗਤ ਕਰਤਾਰਪੁਰ ਸਾਹਿਬ ਵਿਖੇ ਰੁਕੇਗੀ ਅਤੇ ਬਾਕੀ ਸੰਗਤ ਨੂੰ ਪੰਜਾ ਸਾਹਿਬ ਲਿਜਾਇਆ ਜਾਵੇਗਾ। ਇਹ 10 ਦਿਨ ਦੀ ਯਾਤਰਾ ਬੱਸਾਂ ਰਾਹੀਂ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਮਹਾਲਮ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਵੀਜ਼ਾ ਦੇਣ ਵਿੱਚ ਖੁੱਲ੍ਹਦਿਲੀ ਵਿਖਾਈ ਹੈ, ਉਸੇ ਤਰ੍ਹਾਂ ਸਾਨੂੰ ਜ਼ਾਬਤੇ ਵਿੱਚ ਰਹਿ ਕੇ ਪ੍ਰੋਟੋਕਾਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਅਹੁਦੇਦਾਰ ਜਸਪਾਲ ਸਿੰਘ ਸੰਧੂ ਪ੍ਰੈੱਸ ਸਕੱਤਰ, ਬਲਦੇਵ ਕ੍ਰਿਸ਼ਨ ਹਾਂਡਾ, ਸੁਖਪਾਲ ਸਿੰਘ ਗੁੰਬਰ, ਡਾ. ਪਰਮਜੀਤ ਸਿੰਘ, ਜਤਿੰਦਰ ਸਿੰਘ ਵਿਰਕ, ਹਰਮਨ ਸਿੰਘ, ਕੁਲਬੀਰ ਸਿੰਘ ਮੁਸ਼ਕਾਬਾਦ, ਬਲਦੇਵ ਸਿੰਘ, ਸੁਖਦੇਵ ਸਿੰਘ ਗਿੱਲ, ਇਕਬਾਲ ਸਿੰਘ ਤੇ ਲਖਬੀਰ ਸਿੰਘ ਮਹਾਲਮ ਆਦਿ ਹਾਜ਼ਰ ਸਨ।