ਪਹਿਲਗਾਮ ਵਿੱਚ ਵਾਪਰੀ ਘਟਨਾ ਨਿੰਦਣਯੋਗ: ਮਾਂਗਟ
ਸੰਜੀਵ ਬੱਬੀ
ਚਮਕੌਰ ਸਾਹਿਬ, 24 ਅਪਰੈਲ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਬੇਕਸੂਰ ਸੈਲਾਨੀਆ ਦੀ ਕੀਤੀ ਹੱਤਿਆ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੋਸ਼ੀਆ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਸ੍ਰੀ ਮਾਂਗਟ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਸੈਲਾਨੀਆਂ ਦੇ ਨਾਂ ਪੁੱਛ ਪੁੱਛ ਕੇ ਇੱਕ ਵਿਸ਼ੇਸ਼ ਧਰਮ ਨਾਲ ਸੰਬੰਧਿਤ ਵਿਅਕਤੀਆਂ ਦਾ ਸ਼ਰੇਆਮ ਕਤਲ ਕਰਨਾ ਬੇਹੱਦ ਸ਼ਰਮਨਾਕ ਕਾਰਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਵਿੱਚ ਹਿੰਸਾ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਅਣਗਹਿਲੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਲਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਸ੍ਰੀ ਮਾਂਗਟ ਨੇ ਉਕਤ ਘਟਨਾ ਵਿੱਚ ਮਾਰੇ ਗਏ ਸੈਲਾਨੀਆ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ ਮ੍ਰਿਤਕ ਪਰਿਵਾਰਾਂ ਨੂੰ ਪੰਜ ਪੰਜ ਕਰੋੜ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਭਾਈ ਪਰਮਿੰਦਰ ਸਿੰਘ ਸੇਖੋ ਅਤੇ ਗੁਰਦੀਪ ਸਿੰਘ ਭਲਵਾਨ ਆਦਿ ਹਾਜ਼ਰ ਸਨ।