ਪਰਵਾਸੀ ਭਾਰਤੀਆਂ ਦੀ ਖੁਆਰੀ ਲਈ ਕੇਂਦਰ ਜ਼ਿੰਮੇਵਾਰ: ਸੰਧੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਮਾਰਕਫ਼ੈੱਡ ਪੰਜਾਬ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ ਨੇ ਪਰਵਾਸੀ ਭਾਰਤੀਆਂ ਦੀ ਵਿਦੇਸ਼ਾਂ ’ਚ ਹੋ ਰਹੀ ਦੁਰਗਤੀ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਨੇ ਕੇਂਦਰ ’ਚ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਭਾਰਤ ਦੇ ਵਿਦੇਸ਼ਾਂ ਨਾਲ ਸਬੰਧ ਤਿੜਕਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਧੜਾਧੜ ਭਾਰਤੀਆਂ ਨੂੰ ਜਹਾਜ਼ ਭਰ ਕੇ ਭਾਰਤ ਭੇਜਣ ਦੀ ਕਵਾਇਦ ਦਾ ਹਰੇਕ ਮਾਨਵਤਾ ਪੱਖੀ ਵਿਅਕਤੀ ਨੇ ਬੁਰਾ ਮਨਾਉਂਦਿਆਂ, ਆਲੋਚਨਾ ਕੀਤੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀੜਤ ਭਾਰਤੀਆਂ ਦੇ ਹੱਕ ’ਚ ਹੁਣ ਤੱਕ ਇੱਕ ਸ਼ਬਦ ਵੀ ਨਹੀਂ ਬੋਲੇ।
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨਾਲ ਭਾਰਤੀ ਹਕੂਮਤ ਨੇ ਸਬੰਧ ਖ਼ਰਾਬ ਕਰਕੇ ਇਸ ਦੀ ਸਜ਼ਾ ਉਥੇ ਵਸਦੇ ਐੱਨਆਰਆਈ ਨੂੰ ਦਿੱਤੀ ਹੈ ਅਤੇ ਜਿਸ ਦਾ ਨਤੀਜਾ ਇਹ ਹੈ ਕਿ ਕੈਨੇਡਾ ’ਚ ਕਾਨੂੰਨੀ ਸਖ਼ਤੀ ਇੰਨੀ ਕਰ ਦਿੱਤੀ ਗਈ ਕਿ ਨਾ ਤਾਂ ਕਿਸੇ ਭਾਰਤੀ ਨੂੰ ਵਰਕ ਪਰਮਿਟ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪੀਆਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅਮਨ ਕਾਨੂੰਨ ਦੀ ਵਿਵਸਥਾ ਵਿਗੜਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।