ਨੌਜਵਾਨ ਦੀ ਲਾਸ਼ ਨਾ ਦੇਣ ’ਤੇ ਪਰਿਵਾਰ ਵੱਲੋਂ ਹਸਪਤਾਲ ਅੱਗੇ ਪ੍ਰਦਰਸ਼ਨ
ਹਰਦੀਪ ਸਿੰਘ ਸੋਢੀ
ਧੂਰੀ, 6 ਫਰਵਰੀ
ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚੋਂ ਪੁੱਤ ਦੀ ਲਾਸ਼ ਨਾ ਮਿਲਣ ਕਾਰਨ ਖੱਜਲ-ਖੁਆਰੀ ਝੱਲ ਰਹੇ ਮਾਪਿਆਂ ਨੇ ਰਿਸ਼ਤੇਦਾਰਾਂ ਸਣੇ ਹਸਪਤਾਲ ਅੱਗੇ ਧਰਨਾ ਲਾਇਆ।
ਪਰਿਵਾਰ ਨੇ ਹਸਪਤਾਲ ਦੇ ਅਮਲੇ ‘ਤੇ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਹੋਣ ਮਗਰੋਂ ਵੀ ਨੌਜਵਾਨ ਜਗਦੀਪ ਕੁਮਾਰ ਦੀ ਦੇਹ ਉਨ੍ਹਾਂ ਨੂੰ ਨਾ ਸੌਂਪਣ ਦਾ ਦੋਸ਼ ਲਾਇਆ।
ਜਗਦੀਪ ਦੇ ਪਿਤਾ ਸਾਗਰ ਅਤੇ ਮਾਤਾ ਸ਼ਕੁੰਤਲਾ ਨੇ ਦੱਸਿਆ ਕਿ ਲੰਘੇ ਦਿਨ ਉਨ੍ਹਾਂ ਦੇ ਪੁੱਤ ਦੀ ਸਾਈਲੈਂਟ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ, ਜਿਸ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁਦਰਤੀ ਮੌਤ ਹੋਣ ਕਾਰਨ ਪਰਿਵਾਰ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦਾ ਸੀ। ਇਸ ਲਈ ਪੂਰੇ ਪਰਿਵਾਰ ਵੱਲੋਂ ਹਸਪਤਾਲ ਦੇ ਅਮਲੇ ਅੱਗੇ ਹਲਫ਼ੀਆ ਬਿਆਨ ਵੀ ਪੇਸ਼ ਕੀਤੇ ਗਏ ਅਤੇ ਪੁਲੀਸ ਦੇ ਤਫ਼ਤੀਸ਼ੀ ਅਧਿਕਾਰੀਆਂ ਨੇ ਵੀ ਪਰਿਵਾਰ ਨਾਲ ਸਹਿਮਤੀ ਜਤਾਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਸਰਕਾਰੀ ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਇੱਕ ਮਹਿਲਾ ਡਾਕਟਰ ਵੱਲੋਂ ਪਰਿਵਾਰ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਉਨ੍ਹਾਂ ਨੂੰ ਪੁੱਤ ਦੀ ਲਾਸ਼ ਨਹੀਂ ਦਿੱਤੀ ਗਈ।
ਧਰਨੇ ਵਿੱਚ ਮੌਜੂਦ ਕੌਂਸਲਰ ਅਜੈ ਪਰੋਚਾ ਨੇ ਮਹਿਲਾ ਡਾਕਟਰ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਰਿਵਾਰ ਦੇਹ ਨੂੰ ਘਰ ਲਿਜਾ ਕੇ ਅੰਤਿਮ ਰਸਮਾਂ ਪੂਰੀਆਂ ਕਰਨ ਮਗਰੋਂ ਸਸਕਾਰ ਕਰਨਾ ਚਾਹੁੰਦਾ ਸੀ ਪਰ ਮਹਿਲਾ ਡਾਕਟਰ ਜਾਣ-ਬੁੱਝ ਕੇ ਪ੍ਰੇਸ਼ਾਨੀ ਖੜ੍ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਡਾਕਟਰ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
ਕਾਗ਼ਜ਼ੀ ਕਾਰਵਾਈ ਮਗਰੋਂ ਸੌਂਪੀ ਜਾਵੇਗੀ ਲਾਸ਼: ਐੱਸਐੱਮਚਓ
ਇਸ ਸਬੰਧੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਬਿਨਾਂ ਪੋਸਟਮਾਰਟਮ ਤੋਂ ਲਾਸ਼ ਵਾਰਿਸਾਂ ਨੂੰ ਸੌਂਪਣ ਸਬੰਧੀ ਪ੍ਰਕਿਰਿਆ ਪੂੁਰੀ ਹੋਣ ਮਗਰੋਂ ਹੀ ਦੇਹ ਵਾਰਿਸਾਂ ਨੂੰ ਸੌਂਪੀ ਜਾਵੇਗੀ ਅਤੇ ਡਾਕਟਰੀ ਅਮਲਾ ਕਾਗ਼ਜ਼ੀ ਪ੍ਰਕਿਰਿਆ ਮੁਕੰਮਲ ਕਰ ਰਿਹਾ ਹੈ।