ਨਿੱਜੀ ਸਕੂਲਾਂ ਵੱਲੋਂ ਵਧਾਈਆਂ ਫ਼ੀਸਾਂ ਦਾ ਮਾਮਲਾ ਭਖਿ਼ਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਪਰੈਲ
ਆਮ ਆਦਮੀ ਪਾਰਟੀ ਦੇ ਆਗੂਆਂ ਆਤਿਸ਼ੀ ਅਤੇ ਮਨੀਸ਼ ਸਿਸੋਦੀਆ ਨੇ ਇੱਕ ਵਾਰ ਮੁੜ ਦਿੱਲੀ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਿਆ। ਆਮ ਆਦਮੀ ਪਾਰਟੀ ਦੇ ਅਧਿਕਾਰਤ ਖਾਤੇ ਅਤੇ ਸਿਸੋਦੀਆ ਦੇ ਸਾਬਕਾ ਖਾਤੇ ਤੋਂ ਇਕ-ਇਕ ਪੋਸਟ ਕੀਤੀ ਗਈ ਹੈ। ਦੋਵਾਂ ਪੋਸਟਾਂ ਵਿੱਚ ਦਿੱਲੀ ਦੀ ਭਾਜਪਾ ਸਰਕਾਰ ਅਤੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ’ਤੇ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਵਾਧੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ। ‘ਆਪ’ ਦੇ ਸਾਬਕਾ ਅਕਾਊਂਟ ‘ਤੇ ਪਾਈ ਪੋਸਟ ‘ਚ ਲਿਖਿਆ ਗਿਆ ਕਿ ਸਿੱਖਿਆ ਮਾਫ਼ੀਆ ਅਤੇ ਭਾਜਪਾ ਦਾ ਗੱਠਜੋੜ ਫਿਰ ਤੋਂ ਬੇਨਕਾਬ ਹੋ ਗਿਆ ਹੈ। 6 ਅਪਰੈਲ ਦਿਨ ਐਤਵਾਰ ਨੂੰ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਅਤੇ ਮੰਤਰੀ ਆਸ਼ੀਸ਼ ਸੂਦ ਵਿਚਕਾਰ ਮੀਟਿੰਗ ਹੋਈ। ਇਸ ਵਿੱਚ ਸਕੂਲ ਮਾਲਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਕੂਲਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ‘ਆਪ’ ਨੇ ਕਿਹਾ ਕਿ ਕੁਝ ਸਮੇਂ ਬਾਅਦ ਦਿੱਲੀ ਸਰਕਾਰ ਇੱਕ ਹੁਕਮ ਜਾਰੀ ਕਰੇਗੀ, ਜਿਸ ਵਿੱਚ ਉਨ੍ਹਾਂ ਨੂੰ ਹਰ ਸਾਲ ਫ਼ੀਸਾਂ ਵਿੱਚ 10 ਫ਼ੀਸਦੀ ਵਾਧਾ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ‘ਚ ਵਾਧੇ ਕਾਰਨ ਉਥੇ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਵਿੱਚ ਰੋਸ ਹੈ। ਕਈ ਸਕੂਲਾਂ ਨੇ 30 ਤੋਂ 80 ਫੀਸਦੀ ਤੱਕ ਫੀਸਾਂ ਵਧਾ ਦਿੱਤੀਆਂ ਹਨ। ਬੱਚਿਆਂ ਦੇ ਮਾਪੇ 40 ਡਿਗਰੀ ਤਾਪਮਾਨ ਵਿੱਚ ਫੀਸਾਂ ਵਿੱਚ ਵਾਧੇ ਦਾ ਵਿਰੋਧ ਕਰ ਰਹੇ ਹਨ। ਮੰਗਲਵਾਰ ਨੂੰ ਇਸ ਧਰਨੇ ਦੌਰਾਨ ਇਕ ਔਰਤ ਬੇਹੋਸ਼ ਵੀ ਹੋ ਗਈ ਪਰ ਸਕੂਲ ਪ੍ਰਬੰਧਕਾਂ ਨੇ ਨਾ ਤਾਂ ਗੇਟ ਖੋਲ੍ਹਿਆ ਅਤੇ ਨਾ ਹੀ ਉਸ ਦੀ ਗੱਲ ਸੁਣੀ। ਇਹ ਉਹੀ ਪ੍ਰਾਈਵੇਟ ਸਕੂਲ ਹਨ ਜਿਨ੍ਹਾਂ ਨੇ ਲੱਡੂ ਵੰਡ ਕੇ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਇਆ। ਇਹ ਪ੍ਰਾਈਵੇਟ ਸਕੂਲ ਸੰਚਾਲਕ ਭਾਜਪਾ ਦੀ ਜਿੱਤ ਤੋਂ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪਿਛਲੇ 10 ਸਾਲਾਂ ਤੋਂ ਦਿੱਲੀ ਵਿੱਚ ਮਾਪਿਆਂ ਦੇ ਹੱਕ ਵਿੱਚ ਸਰਕਾਰ ਚੱਲ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਾਜਪਾ ਦੀ ਜਿੱਤ ਨਾਲ ਪ੍ਰਾਈਵੇਟ ਸਕੂਲ ਮਾਲਕਾਂ ਦੀ ਸਰਕਾਰ ਸੱਤਾ ਵਿੱਚ ਆ ਗਈ ਹੈ। ਆਤਿਸ਼ੀ ਨੇ ਕਿਹਾ ਕਿ ਮੰਗਲਵਾਰ ਨੂੰ ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਸੌਰਭ ਭਾਰਦਵਾਜ ਨੇ ਤੱਥਾਂ ਨਾਲ ਵੱਡਾ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਭਰਤ ਅਰੋੜਾ ਭਾਜਪਾ ਦੇ ਅਧਿਕਾਰੀ ਹਨ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਚੋਣ ਮੁਹਿੰਮ ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਭਰਤ ਅਰੋੜਾ ਨੇ ਦਿੱਲੀ ਚੋਣਾਂ ‘ਚ ਭਾਜਪਾ ਲਈ ਵੋਟਾਂ ਮੰਗੀਆਂ ਸਨ। ਹੁਣ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਭਾਜਪਾ ਅਤੇ ਪ੍ਰਾਈਵੇਟ ਸਕੂਲ ਮਾਲਕਾਂ ਦਾ ਗੱਠਜੋੜ ਹੈ ਅਤੇ ਇਹ ਗਠਜੋੜ ਭਰਤ ਅਰੋੜਾ ਰਾਹੀਂ ਚੱਲਦਾ ਹੈ। ਪ੍ਰਾਈਵੇਟ ਸਕੂਲਾਂ ਦੀ ਇਹ ਐਸੋਸੀਏਸ਼ਨ ਪਿਛਲੇ 10 ਸਾਲਾਂ ਤੋਂ ਫੀਸਾਂ ਵਧਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸੰਘਰਸ਼ ਕਰ ਰਹੀ ਹੈ। ਹੁਣ ਪ੍ਰਾਈਵੇਟ ਸਕੂਲਾਂ ਦੀ ਉਸ ਐਸੋਸੀਏਸ਼ਨ ਦੀ ਅਸਲੀਅਤ ਸਾਹਮਣੇ ਆ ਗਈ ਹੈ ਕਿ ਇਹ ਭਾਜਪਾ ਦੀ ਐਸੋਸੀਏਸ਼ਨ ਹੈ।
ਕੇਜਰੀਵਾਲ ਸਰਕਾਰ ਵੇਲੇ ਕਿਸੇ ਨੇ ਵੀ ਅਜਿਹਾ ਕਰਨ ਦੀ ਹਿੰਮਤ ਨਹੀਂ ਕੀਤੀ: ਸਿਸੋਦੀਆ
ਮਨੀਸ਼ ਸਿਸੋਦੀਆ ਦੇ ਐਕਸ ਅਕਾਊਂਟ ਤੋਂ ਪੋਸਟ ਵਿੱਚ ਲਿਖਿਆ ਗਿਆ ਕਿ ਇਹ ਦੇਖੋ... ਦਿੱਲੀ ਵਿੱਚ ਸਿੱਖਿਆ ਮਾਫ਼ੀਆ ਹੁਣ ਇੰਨਾ ਦਲੇਰ ਹੋ ਗਿਆ ਹੈ ਕਿ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਕਲਾਸ ਰੂਮ ਦੇ ਬਾਹਰ ਬਿਠਾ ਕੇ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਰਹੇ 10 ਸਾਲਾਂ ਦੌਰਾਨ ਕਿਸੇ ਨੇ ਵੀ ਅਜਿਹਾ ਕਰਨ ਦੀ ਹਿੰਮਤ ਨਹੀਂ ਕੀਤੀ। ਜੇ ਅੱਜ ਕੇਜਰੀਵਾਲ ਸਰਕਾਰ ਸੱਤਾ ਵਿੱਚ ਹੁੰਦੀ ਤਾਂ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਤਸ਼ੱਦਦ ਕਰਨ ਵਾਲੇ ਸਕੂਲ ਪ੍ਰਬੰਧਕਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਜੇਲ੍ਹ ਭੇਜ ਦਿੱਤਾ ਜਾਂਦਾ। ਇਸੇ ਦੌਰਾਨ ਸਕੂਲਾਂ ਅੱਗੇ ਮਾਪਿਆਂ ਵੱਲੋਂ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਜਾਰੀ ਹੈ। ਦੁਆਰਕਾ ਦੇ ਇੱਕ ਨਿਜੀ ਸਕੂਲ ਦੇ ਬਾਹਰ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਸ ਦੇ ਦੋ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਹਨ। ਧੀ ਜਮਾਤ ਵਿੱਚ ਬੈਠਦੀ ਹੈ, ਪਰ ਪੁੱਤਰ ਨੂੰ ਲਾਇਬ੍ਰੇਰੀ ਵਿੱਚ ਬਿਠਾਇਆ ਗਿਆ ਹੈ। ਦੋਵਾਂ ਤੋਂ ਇੱਕੋ ਜਿਹੀ ਫੀਸ ਲਈ ਜਾ ਰਹੀ ਹੈ। ਉਸ ਦੇ ਪੁੱਤਰ ਨੂੰ 21 ਮਾਰਚ ਤੋਂ ਲਾਇਬ੍ਰੇਰੀ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ ਹੈ। ਉਹ ਤੈਅ ਫੀਸਾਂ ਦੇ ਰਿਹਾ ਹੈ। ਉਨ੍ਹਾਂ ਇਸ ਸਬੰਧੀ ਅਦਾਲਤ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।