ਨਿਗਮ ਨੇ ਉਸਾਰੀ ਅਧੀਨ ਅੱਠ ਗ਼ੈਰਕਾਨੂੰਨੀ ਇਮਾਰਤਾਂ ਢਾਹੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਾਰਚ
ਗ਼ੈਰਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਜ਼ੋਨ-ਸੀ ਦੀ ਬਿਲਡਿੰਗ ਬ੍ਰਾਂਚ ਟੀਮ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਇਲਾਕਿਆਂ ਵਿੱਚ ਅੱਠ ਨਿਰਮਾਣ ਅਧੀਨ ਗ਼ੈਰਕਾਨੂੰਨੀ ਉਦਯੋਗਿਕ ਅਤੇ ਵਪਾਰਕ ਉਸਾਰੀਆਂ ਨੂੰ ਢਾਹ ਦਿੱਤਾ। ਇਹ ਗ਼ੈਰਕਾਨੂੰਨੀ ਇਮਾਰਤਾਂ ਕੁੰਤੀ ਨਗਰ, ਪ੍ਰੀਤਮ ਕਲੋਨੀ, ਬਾਬਾ ਮੁਕੰਦ ਸਿੰਘ ਨਗਰ ਅਤੇ ਨੇੜਲੇ ਹੋਰ ਇਲਾਕਿਆਂ ਵਿੱਚ ਬਣ ਰਹੀਆਂ ਸਨ।
ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਗ਼ੈਰਕਾਨੂੰਨੀ ਉਸਾਰੀਆਂ ਬਾਰੇ ਨਿਯਮਤ ਨਿਰੀਖਣ ਦੌਰਾਨ ਪਤਾ ਲੱਗਾ ਸੀ ਅਤੇ ਪਹਿਲਾਂ ਵੀ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਗੈਰ-ਕਾਨੂੰਨੀ ਉਸਾਰੀਆਂ ਜਾਰੀ ਰੱਖੀਆਂ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਸ਼ੁੱਕਰਵਾਰ ਨੂੰ ਇਨ੍ਹਾਂ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।