ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਪੰਜ ਰੋਜ਼ਾ ਦੌਰੇ ’ਤੇ ਭਾਰਤ ਪੁੱਜੇ
05:10 AM Mar 17, 2025 IST
ਨਵੀਂ ਦਿੱਲੀ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਸਵਾਗਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਐੱਸਪੀ ਸਿੰਘ ਬਘੇਲ। -ਫੋਟੋ: ਪੀਟੀਆਈ
ਨਵੀਂ ਦਿੱਲੀ, 16 ਮਾਰਚ
Advertisement
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੱਜ ਪੰਜ ਰੋਜ਼ਾ ਦੌਰੇ ’ਤੇ ਭਾਰਤ ਪੁੱਜੇ। ਲਕਸਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਮਵਾਰ ਨੂੰ ਵਿਆਪਕ ਗੱਲਬਾਤ ਕਰਨਗੇ ਅਤੇ ‘ਰਾਇਸੀਨਾ ਡਾਇਲਾਗ’ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਦੌਰੇ ਤੋਂ ਕੁਝ ਦਿਨ ਪਹਿਲਾਂ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਵਿਆਪਕ ਆਰਥਿਕ ਸਾਂਝੇਦਾਰੀ ਲਈ ਕੋਸ਼ਿਸ਼ਾਂ ਕਰਨਗੇ ਅਤੇ ਦੁਵੱਲੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤੌਰ-ਤਰੀਕੇ ਲੱਭਣਗੇ। ਦਿੱਲੀ ਹਵਾਈ ਅੱਡੇ ’ਤੇ ਕੇਂਦਰੀ ਰਾਜ ਮੰਤਰੀ ਐੱਸਪੀ ਸਿੰਘ ਬਘੇਲ ਨੇ ਲਕਸਨ ਦਾ ਸਵਾਗਤ ਕੀਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਆਏ ਵਫ਼ਦ ਵਿੱਚ ਮੰਤਰੀ, ਸੰਸਦ ਮੈਂਬਰ, ਦਿੱਗਜ ਉਦਯੋਗਪਤੀ ਅਤੇ ਭਾਰਤੀ ਭਾਈਚਾਰੇ ਦੇ ਕੁਝ ਪ੍ਰਮੁੱਖ ਲੋਕ ਸ਼ਾਮਲ ਹਨ। ਲਕਸਨ 19 ਤੋਂ 20 ਮਾਰਚ ਤੱਕ ਮੁੰਬਈ ਦਾ ਦੌਰਾ ਵੀ ਕਰਨਗੇ। -ਪੀਟੀਆਈ
Advertisement
Advertisement