ਨਾਟਕ ‘ਸਰਹਿੰਦ ਦੀ ਦੀਵਾਰ’ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਓਪਨ ਏਅਰ ਥੀਏਟਰ ਟਰਾਈਡੈਂਟ ਕੰਪਲੈਕਸ ਸੰਘੇੜਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਮੌਕੇ ਜਿੱਥੇ ਇਤਿਹਾਸਕ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ ਹੋਇਆ, ਉਥੇ ਹੀ ਨਾਟਕ ਨਵੀਂ ਜ਼ਿੰਦਗੀ’ ਰਾਹੀਂ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ। ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ, ਉਨ੍ਹਾਂ ਨਾਲ ਪਤਨੀ ਗੁਰਵੀਨ ਕੌਰ ਵੀ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਪੁੱਜੇ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਗਈ ਹੈ ਜਿਸ ਵਿੱਚ ਹਰ ਵਿਅਕਤੀ ਪੂਰਨ ਸਹਿਯੋਗ ਦੇਵੇ। ਉਨ੍ਹਾਂ ਇਸ ਮੁਹਿੰਮ ਵਿੱਚ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹ ਲੋਕਾਂ ਨੂੰ ਪ੍ਰੇਰਿਤ ਕਰ ਸਕਣ। ਉੱਘੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਨਿਰਦੇਸ਼ਕ ਮਨਪਾਲ ਟਿਵਾਣਾ ਵਲੋਂ ਇਤਿਹਾਸਕ ਨਾਟਕ ‘ਸਰਹਿੰਦ ਦੀ ਦੀਵਾਰ’ ਖੇਡਿਆ ਗਿਆ, ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਇਹ ਨਾਟਕ ਪਿਛਲੇ 59 ਸਾਲਾਂ ਤੋਂ ਪੂਰੇ ਭਾਰਤ ਅਤੇ ਵੱਖ ਵੱਖ ਦੇਸ਼ਾਂ ਵਿੱਚ ਸਫਲਤਾ ਪੂਰਵਕ ਖੇਡਿਆ ਜਾ ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਉੱਘੇ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਨੇ ਆਪਣੇ ਵੱਖਰੇ ਅੰਦਾਜ਼ ਵਿਚ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।