ਨਾਟਕ ‘ਏਵਮ ਇੰਦਰਜੀਤ’ ਨੇ ਸਰੋਤੇ ਕੀਲੇ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 30 ਮਾਰਚ
ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿੱਚ ਮਹੀਨੇ ਦੇ ਅਖ਼ੀਰਲੇ ਸ਼ਨਿੱਚਰਵਾਰ ਦਾ ਸਮਾਗਮ ਇਸ ਵਾਰ ਕੌਮਾਂਤਰੀ ਥਇਏਟਰ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਹ ਸਮਾਗਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦਾ ਰਸਮੀ ਉਦਘਾਟਨ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ, ਡਾ. ਨਿਰਮਲ ਜੌੜਾ, ਡਾ. ਸ਼ਸ਼ੀ ਪੁਰੀ, ਡਾ. ਅਵਤਾਰ ਸਿੰਘ ਪ੍ਰਿੰਸੀਪਲ, ਡਾ. ਜਗਦੇਵ ਸਿੰਘ ਕਹਿਲ, ਪ੍ਰੋਫ਼ੈਸਰ ਮਨਜੀਤ ਸਿੰਘ ਛਾਬੜਾ, ਪ੍ਰੀਤਮ ਸਿੰਘ ਭਰੋਵਾਲ ਅਤੇ ਹਰਕੇਸ਼ ਚੌਧਰੀ ਨੇ ਕੀਤਾ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਦਰਸ਼ਕਾਂ ਨੂੰ ਸੰਸਥਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਡਾਕਟਰ ਸੁਰਿੰਦਰ ਧੰਜਲ ਨੇ ਆਪਣੇ ਸੰਬੋਧਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਗੁਰਸ਼ਰਨ ਭਾਅ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਯਤਨਸ਼ੀਲ ਹੈ। ਡਾ. ਨਿਰਮਲ ਜੌੜਾ ਨੇ ਕਿਹਾ ਕਿ ਥਇਏਟਰ ਸੱਚ ਦੀ ਗੱਲ ਕਰਦਾ ਹੈ। ਹਕੂਮਤਾਂ ਦੀ ਸਰਪ੍ਰਸਤੀ ਥਇਏਟਰ ਨੂੰ ਕਦੇ ਨਹੀਂ ਮਿਲਦੀ ਇਸ ਦੇ ਬਾਵਜੂਦ ਲੋਕ ਕਲਾ ਮੰਚ ਵਾਲੇ ਵੱਡਾ ਯਤਨ ਕਰ ਰਹੇ ਹਨ। ਇਹੋ ਜਿਹੇ ਸਮਾਗਮ ਲਗਾਤਾਰ ਕਰ ਰਹੇ ਹਨ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਇਏਟਰ ਅਤੇ ਫ਼ਿਲਮ ਪ੍ਰੋਡਕਸ਼ਨਜ਼ ਵਿਭਾਗ ਦੇ ਵਿਦਿਆਰਥੀਆਂ ਨੇ ਡਾ. ਜਸਪਾਲ ਕੌਰ ਦਿਓਲ ਦੀ ਨਿਰਦੇਸ਼ਨਾ ਹੇਠ ਨਾਟਕ 'ਏਵਮ ਇੰਦਰਜੀਤ' ਪੇਸ਼ ਕੀਤਾ ਜਿਸ ਦੇ ਲੇਖਕ 'ਬਾਦਲ ਸਰਕਾਰ' ਹਨ। ਬੰਗਲਾ ਭਾਸ਼ਾ ਦਾ ਨਾਟਕ ਪੰਜਾਬੀ ਭਾਸ਼ਾ ਵਿੱਚ ਉਲੱਥਾ ਕਰਕੇ ਖੇਡਿਆ ਗਿਆ। ਨਾਟਕ ਨੇ ਸਵਾ ਘੰਟਾ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ।
ਨਾਟਕ ਨੇ ਜੀਵਨ ਦੀ ਸਾਰਥਿਕਤਾ ਅਤੇ ਨਿਰਾਰਥਕਤਾ ਦੀ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਆਪਣੀ ਤੋਰ ਤੁਰਦੀ ਰਹਿੰਦੀ ਹੈ। ਨਾਟਕ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਮਾਸਟਰ ਦੀਪਕ ਰਾਏ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ 'ਤੇ ਪੱਤਰਕਾਰ ਸੰਤੋਖ ਗਿੱਲ, ਮਾਸਟਰ ਉਜਾਗਰ ਸਿੰਘ, ਸਰਪੰਚ ਜਾਂਗਪੁਰ, ਬੀਡੀਪੀਓ ਧਰਮ ਸਿੰਘ, ਬੀਪੀਈਓ ਨਿਰੰਜਣ ਸਿੰਘ, ਲੈਕਚਰਾਰ ਪਰਗਟ ਸਿੰਘ, ਲੈਕਚਰਾਰ ਗੁਰਦਾਸ ਸਿੰਘ, ਲੈਕਚਰਾਰ ਇਕਬਾਲ ਸਿੰਘ, ਪਰਮਜੀਤ ਸਿੰਘ ਪੰਮੀ, ਕਮਲਜੀਤ ਮੋਹੀ, ਰਣਵੀਰ ਸਿੰਘ, ਜੁਝਾਰ ਸਿੰਘ, ਇੰਦਰਪਾਲ ਸਿੰਘ, ਨਿਰਮਲ ਧਾਲੀਵਾਲ, ਰਾਜਾ ਬੜੂੰਦੀ, ਸੁਖਦੀਪ ਸਿੰਘ ਚਾਨਾ, ਮਾਸਟਰ ਜਗਦੀਪ ਧਾਲੀਵਾਲ ਤੇ ਹੋਰ ਹਾਜ਼ਰ ਸਨ।