‘ਆਪ’ ਦੀ ਰੈਲੀ ਕਾਰਨ ਲੋਕ ਖੱਜਲ-ਖੁਆਰ
ਗਗਨਦੀਪ ਅਰੋੜਾ
ਲੁਧਿਆਣਾ, 2 ਅਪਰੈਲ
ਆਮ ਆਦਮੀ ਪਾਰਟੀ (ਆਪ) ਨੇ ਅੱਜ ਮੁੱਖ ਸੜਕ ’ਤੇ ਆਵਾਜਾਈ ਬੰਦ ਕਰ ਕੇ ਨਸ਼ਿਆਂ ਵਿਰੁੱਧ ਰੈਲੀ ਕੀਤੀ। ਫਿਰੋਜ਼ਪੁਰ ਰੋਡ ਦੀ ਇਹ ਸੜਕ ਬੰਦ ਹੋਣ ਕਾਰਨ ਕਈ ਘੰਟੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੁੱਖ ਫਿਰੋਜ਼ਪੁਰ ਰੋਡ ਐਲੀਵੇਟਿਡ ਰੋਡ ਪੁਲ ਦੇ ਹੇਠ ਆਰਤੀ ਚੌਕ ਦੇ ਵਿਚਕਾਰ ਨਸ਼ਿਆਂ ਵਿਰੁੱਧ ਇਹ ਰੈਲੀ ਕੀਤੀ ਗਈ ਸੀ ਜਿਸ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਸਾਰੀ ਹੀ ‘ਆਪ’ ਲੀਡਰਸ਼ਿਪ ਸ਼ਾਮਲ ਸੀ। ਬੱਚਿਆਂ ਦੇ ਸੜਕ ’ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਬੁੱਧਵਾਰ ਸਵੇਰੇ ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਤੋਂ ਇਲਾਵਾ ਘੁਮਾਰ ਮੰਡੀ ਦਾ ਮੁੱਖ ਬਾਜ਼ਾਰ ਵੀ ਪ੍ਰਸ਼ਾਸਨ ਵੱਲੋਂ ਰੈਲੀ ਦੇ ਖਤਮ ਹੋਣ ਤਕ ਬੰਦ ਹੀ ਰੱਖਿਆ ਗਿਆ। ‘ਆਪ’ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਗਈ ਇਸ ਰੈਲੀ ਵਿੱਚ ਐੱਨਸੀਸੀ ਦੇ ਸਕੂਲੀ ਅਤੇ ਕਾਲਜ ਦੇ ਬੱਚਿਆਂ ਨੇ ਹਿੱਸਾ ਲਿਆ ਜਿਸ ਲਈ ਆਰਤੀ ਚੌਕ ਦੇ ਵਿਚਕਾਰ ਮੁੱਖ ਸਟੇਜ ਬਣਾਈ ਗਈ ਸੀ। ਬੱਚਿਆਂ ਦੇ ਉਸਦੇ ਸਾਹਮਣੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਰੈਲੀ ਵਾਲੀ ਥਾਂ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਹਜ਼ਾਰ ਤੋਂ ਵੱਧ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਸਾਰਿਆਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਨੇੜੇ ਇਲਾਕੇ ਦੀਆਂ ਸਾਰੀਆਂ ਹੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਘੁਮਾਰ ਮੰਡੀ ਦੇ ਮੁੱਖ ਬਾਜ਼ਾਰ ਵਿੱਚੋਂ ਪੈਦਲ ਯਾਤਰਾ ਨਿਕਲਣੀ ਸੀ, ਇਸ ਕਰਕੇ ਰੈਲੀ ਦੇ ਖਤਮ ਹੋਣ ਤੱਕ ਇੱਥੇ ਵੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਹੀ ਰੱਖੀਆਂ। ਇਸ ਦੇ ਨਾਲ ਹੀ ਭਾਈਵਾਲਾ ਚੌਕ ਤੋਂ ਟਰੈਫਿਕ ਨੂੰ ਬਦਲਵੇਂ ਰੂਟ ’ਤੇ ਪੈ ਦਿੱਤਾ ਗਿਆ ਸੀ। ਇਸੇ ਤਰ੍ਹਾਂ ਨਹਿਰ ਵੱਲੋਂ ਆਉਣ ਵਾਲੇ ਟਰੈਫਿਕ ਨੂੰ ਵੀ ਬਦਲਵੇਂ ਰੂਟ ’ਤੇ ਪਾ ਦਿੱਤਾ ਗਿਆ ਜਿਸ ਕਰਕੇ ਬਾਹਰੋਂ ਆਉਣ ਵਾਲੇ ਲੋਕਾਂ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਰਸਤੇ ਲਈ ਇੱਧਰ-ਉੱਧਰ ਭਟਕਦੇ ਰਹੇ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੈ ਤਲਵਾੜ ਨੇ ਕਿਹਾ ਕਿ ਸੜਕਾਂ ’ਤੇ ਸਟੇਜ ਲਗਾ ਕੇ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਇਹ ਉਹੀ ਆਗੂ ਹਨ, ਜੋ ਕਹਿੰਦੇ ਸਨ ਕਿ ਉਹ ਵੀਆਈਪੀ ਕਲਚਰ ਤੋਂ ਬਹੁਤ ਦੂਰ ਹਨ। ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੇ ਸਵਾਗਤ ਦੇ ਲਈ ਸਾਰੀ ਪੰਜਾਬ ਪੁਲੀਸ ਸੜਕਾਂ ’ਤੇ ਸੀ।