ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ’ਚ ਨਿਖਾਰ ਲਿਆਉਣ ਦੇ ਨੁਕਤੇ ਦੱਸੇ
ਲੁਧਿਆਣਾ, 2 ਅਪਰੈਲ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ਵਿੱਚ ਨਿਖਾਰ ਲਈ ਸੈਮੀਨਾਰ ਕਰਵਾਇਆ ਕਰਵਾਇਆ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਅਧਿਆਪਨ ਦੇ ਨਵੇਂ ਢੰਗ, ਜ਼ਿੰਮੇਵਾਰੀ ਦੀ ਭਾਵਨਾ, ਸਮੇਂ ਦੇ ਹਾਣੀ ਬਣਾਉਣ, ਮਿੱਥੇ ਗਏ ਟੀਚਿਆਂ ਨੂੰ ਪੂਰਾ ਕਰਨਾ, ਸਹੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਅਤੇ ਅਣਥੱਕ ਮਿਹਨਤ ਕਰਦੇ ਹੋਏ ਬੱਚਿਆਂ ਨੂੰ ਬੁਲੰਦੀਆਂ ਤੱਕ ਪਹੁੰਚਾਉਣਾ ਵਰਗੇ ਜ਼ਰੂਰੀ ਪਹਿਲੂਆਂ ਬਾਰੇ ਦੱਸਿਆ ਗਿਆ। ਸਕੂਲ ਦੀ ਡਾਇਰੈਕਟਰ ਕਲਮਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਅਤੇ ਸਮੂਹ ਅਧਿਆਪਕਾਂ ਨੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦਾ ਇਸ ਸੈਮੀਨਾਰ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ।
ਸੈਮੀਨਾਰ ਦੀ ਸ਼ੁਰੂਆਤ ਵਿੱਚ ਸਕੂਲ ਦੇ ਡਾਇਰੈਕਟਰ ਕਮਲਪ੍ਰੀਤ ਕੌਰ ਨੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ। ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪਾਵਰ ਪੁਆਇੰਟ ਰਾਹੀਂ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਅਤੇ ਹੋਰ ਵਡਮੁੱਲੀ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਸ੍ਰੀਮਤੀ ਵਰਮਾ ਨੇ ਅਧਿਆਪਕਾਂ ਨੂੰ ਪੇਸ਼ ਆਉਂਦੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਗੁਰ ਦੱਸੇ। ਕਾਊਂਸਲਰ ਡਾ. ਗੁਰਪ੍ਰੀਤ ਨੇ ਸਕੂਲ ਹੈਲਥ ਵਿਸ਼ੇ ’ਤੇ ਜਾਣਕਾਰੀ ਦਿੱਤੀ। ਪ੍ਰਿੰ. ਅਨਿਲ ਸ਼ਰਮਾ ਨੇ ਵੀ ਐੱਨਈਪੀ ਅਤੇ ਐੱਨਸੀਐੱਫ ਬਾਰੇ ਜਾਣਕਾਰੀ ਦਿੱਤੀ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰਿਆਂ ਨੂੰ ਸੈਮੀਨਾਰ ਦੀ ਸਫ਼ਲਤਾ ਲਈ ਵਧਾਈ ਦਿੱਤੀ।