ਕਾਂਗਰਸੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਖੰਨਾ, 2 ਅਪਰੈਲ
ਇੱਥੋਂ ਦੇ ਸਮਰਾਲਾ ਚੌਕ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਰੁਪਿੰਦਰ ਸਿੰਘ ਰਾਜਾਗਿੱਲ ਹਲਕਾ ਇੰਚਾਰਜ ਸਮਰਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਧਰਨਾ ਲਾਉਂਦਿਆਂ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦਿਆਂ ਮੁੱਖ ਮੰਤਰੀ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਦੇਸ਼ ਵਿੱਚ ਨਫ਼ਰਤ ਦੀ ਸਿਆਸਤ ਨੂੰ ਖਤਮ ਕੀਤਾ ਹੈ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਭਾਰਤ ਨੂੰ ਇੱਕ ਲੜੀ ਵਿੱਚ ਪਰੋਅ ਕੇ ਇੱਕਜੁੱਟਤਾ ਰੱਖਣ ਦੀ ਸੋਚ ਰੱਖਦੇ ਹਨ ਜਦੋਂਕਿ ਆਰਐੱਸਐੱਸ ਤੇ ਭਾਜਪਾ ਨਫ਼ਰਤ ਦੀ ਸਿਆਸਤ ਕਰਦੇ ਤੇ ਇੱਕ-ਦੂਜੇ ਨੂੰ ਲੜਾਉਣ ਦਾ ਕੰਮ ਕਰਦੇ ਹਨ ਜਦੋਂਕਿ ਕਾਂਗਰਸ ਦੇਸ਼ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ। ਆਗੂਆਂ ਨੇ ਪਿਛਲੇ ਦਿਨੀਂ ਫਿਲੌਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਖਾਲਿਸਤਾਨੀ ਨਾਅਰੇ ਲਿਖਣ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇ ਤੌਰ ’ਤੇ 14 ਅਪਰੈਲ ਤੱਕ ਸੂਬੇ ਵਿਚ ਸਾਰੀਆਂ ਮੂਰਤੀਆਂ ਹਟਾਉਣ ਦੀ ਚੁਣੌਤੀ ਦਿੱਤੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਵੀ ਡਾ. ਅੰਬੇਡਕਰ ਦੇ ਬੁੱਤ ਹਨ, ਉਨ੍ਹਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਕਸਤੂਰੀ ਲਾਲ, ਰਾਜੀਵ ਰਾਏ ਮਹਿਤਾ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਗਿੱਲ, ਪਰਮਿੰਦਰ ਤਿਵਾੜੀ, ਰਾਜ ਸਾਹਨੇਵਾਲੀਆ, ਰਾਜ ਬੱਤਾ, ਵੇਦ ਪ੍ਰਕਾਸ਼, ਪ੍ਰਿਆ ਧੀਮਾਨ, ਜਸਵੀਰ ਕੌਰ ਨਾਫਰੀ, ਦੀਪੀ ਮਾਂਗਟ, ਗੋਲਡੀ ਸ਼ਰਮਾ, ਨਿਤਿਨ ਕੌਸ਼ਲ, ਸਿਤਾਰ ਮੁਹੰਮਦ ਲਿਬੜਾ, ਸੁਧੀਰ ਜੋਸ਼ੀ, ਗੁਰਦੀਪ ਸਿੰਘ, ਸੁਸ਼ੀਲ ਸ਼ੀਲਾ, ਬਲਵੀਰ ਸਿੰਘ ਭੱਟੀ, ਸੁਰਿੰਦਰ ਕੌਰ, ਜਗਜੀਤ ਸਿੰਘ ਜੱਗੀ, ਗੁਰਮੁੱਖ ਸਿੰਘ, ਏਕਓਂਕਾਰ ਸਿੰਘ ਤੇ ਸੰਜੇ ਸਹਿਗਲ ਆਦਿ ਹਾਜ਼ਰ ਸਨ।