ਨਾਜਾਇਜ਼ ਕਲੋਨੀ ’ਚ ਉਸਾਰੀਆਂ ਢਾਹੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਮਾਰਚ
ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਾਡਵਾ ਵਿੱਚ 1.80 ਏਕੜ ਵਿਚ ਫੈਲੀ ਗ਼ੈਰਕਾਨੂੰਨੀ ਕਲੋਨੀ ਨੂੰ ਢਾਹ ਦਿੱਤਾ। ਜ਼ਿਲ੍ਹਾ ਟਾਊਨ ਪਲਾਨਰ ਅਧਿਕਾਰੀ ਨੇ ਦੱਸਿਆ ਕਿ ਡੀਸੀ ਦੇ ਹੁਕਮਾਂ ’ਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਲਾਡਵਾ ਵਿਚ ਲਗਪਗ 1.80 ਏਕੜ ਵਿਚ ਫੈਲ ਰਹੀ ਗ਼ੈਰਕਾਨੂੰਨੀ ਕਲੋਨੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਡੀਟੀਪੀਓ ਵਿਕਰਾਂਤ ਕੁਮਾਰ ਨੇ ਦੱਸਿਆ ਕਿ ਕਲੋਨੀ ਵਿਚ ਕੱਚੀਆਂ ਸੜਕਾਂ, ਡੀਪੀਸੀ ਤੇ ਕੰਟਰੋਲ ਏਰੀਆ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਪੀਲੇ ਪੰਜੇ ਦੀ ਮਦਦ ਨਾਲ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਸਸਤੇ ਪਲਾਟਾਂ ਦੇ ਚੱਕਰ ਵਿਚ ਪ੍ਰਾਪਰਟੀ ਡੀਲਰਾਂ ਦੇ ਬਹਿਕਾਵੇ ਵਿਚ ਆ ਕੇ ਪਲਾਟ ਨਾ ਖਰੀਦਣ ਤੇ ਨਾ ਹੀ ਉਸਾਰੀ ਕਰਨ ਦਾ ਯਤਨ ਕਰਨ। ਅਜਿਹੇ ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਜੁਰਮਾਨਾ ਤੇ ਤਿੰਨ ਸਾਲ ਦੀ ਕੈਦ ਦੀ ਵਿਵਸਥਾ ਹੈ। ਕੈਪਸ਼ਨ: ਲਾਡਵਾ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁੰਦੀ ਹੋਈ ਡੀਟੀਪੀ ਦੀ ਟੀਮ।
ਸਰਸਵਤੀ ਨਦੀ ਦੇ ਕੰਢਿਆਂ ਕੋਲੋਂ ਨਾਜਾਇਜ਼ ਉਸਾਰੀਆਂ ਢਾਹੀਆਂ
ਸਰਸਵਤੀ ਨਦੀ ਦੇ ਕੰਢਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਕਰਮਚਾਰੀ। ਸ਼ਾਹਬਾਦ ਮਾਰਕੰਡਾ: ਹਰਿਆਣਾ ਸਰਸਵਤੀ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਧੂੰਮਨ ਸਿੰਘ ਕਿਰਮਚ ਨੇ ਕਿਹਾ ਹੈ ਕਿ ਪ੍ਰਸ਼ਾਸਨ ਮਦਦ ਨਾਲ ਕੁਰੂਕਸ਼ੇਤਰ ਦੀ ਧਰਤੀ ਤੋਂ ਵਗਦੀ ਪਵਿੱਤਰ ਸਰਸਵਤੀ ਨਦੀ ਦੇ ਕੰਢਿਆਂ ਤੋਂ ਕਬਜ਼ੇ ਹਟਾਏ ਗਏ। ਇਸ ਮੁਹਿੰਮ ਦੌਰਾਨ ਪਿੰਡ ਬਿਸ਼ਨਗੜ੍ਹ ਤੇ ਧੱਕਾ ਬਸਤੀ ਨੇੜੇ ਦਰਿਆ ਦੇ ਕੰਢੇ ਤੋਂ 6,7 ਮੀਟ ਦੀਆਂ ਦੁਕਾਨਾਂ ਹਟਾ ਦਿੱਤੀਆਂ ਗਈਆਂ। ਕਿਰਮਚ ਸਰਸਵਤੀ ਨਦੀ ਦੇ ਕੰਢੇ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ ਕੁਝ ਜ਼ਰੂਰੀ ਨਿਰਦੇਸ਼ ਦੇਣ ਤੋਂ ਬਾਦ ਮੀਡੀਆ ਨਾਲ ਗਲੱਬਾਤ ਕਰ ਰਹੇ ਸਨ। ਇਹ ਕਬਜ਼ਾ ਹਟਾਊ ਮੁਹਿੰਮ ਸ਼ਾਂਤੀਪੂਰਵਕ ਮੁਕੰਮਲ ਹੋਈ। ਡੀਸੀ ਨੇਹਾ ਸਿੰਘ ਨੇ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਸਨ ਤੇ ਐੱਸਡੀਓ ਸੋਮਨਾਥ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਕਿਰਮਚ ਨੇ ਕਿਹਾ ਕਿ ਸਰਸਵਤੀ ਨਦੀ ਦੇ ਕੰਢੇ ਸਫਾਈ ਦੇ ਨਾਲ ਨਾਲ ਵਿਕਾਸ ਕਾਰਜਾਂ ਲਈ ਇਕ ਵੱਡਾ ਪ੍ਰਾਜੈਕਟ ਸ਼ੁਰੂ ਕਰਨਾ ਹੈ ਇਸ ਕਾਰਨ ਇਹ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਸਵਤੀ ਦੇ ਕੰਢਿਆਂ ’ਤੇ ਕਬਜ ਨਾ ਕਰਨ ਸਗੋਂ ਸਰਸਵਤੀ ਨਦੀ ਦੀ ਪਵਿੱਤਰਤਾ ਬਣਾਈ ਰੱਖਣ। ਇਸ ਮੌਕੇ ਬੋਰਡ ਦੇ ਸੁਪਰਡੈਂਟ ਅਰਵਿੰਦ ਕੌਸ਼ਿਕ, ਕਾਰਜਕਾਰੀ ਇੰਜਨੀਅਰ ਨਵਤੇਜ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।
Advertisement