ਨਾਇਬ ਤਹਿਸੀਲਦਾਰ ਵੱਲੋਂ 114 ਇੰਤਕਾਲਾਂ ਦਾ ਨਿਬੇੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਮਈ
ਇਲਾਕੇ ਦੇ ਲੋਕਾਂ ਦੀਆਂ ਇੰਤਕਾਲ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਨ ਲਈ ਨਾਇਬ ਤਹਿਸੀਲਦਾਰ ਵੱਲੋਂ ਬਾਬੇਨ ਸਬ ਤਹਿਸੀਲ ਦੇ ਵਿਹੜੇ ਵਿਚ ਖੁੱਲ੍ਹਾ ਦਰਬਾਰ ਲਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ 30 ਪਿੰਡਾਂ ਦੇ 114 ਲੋਕਾਂ ਦੀਆਂ ਇੰਤਕਾਲ ਨਾਲ ਸਬੰਧਤ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਲੋਕਾਂ ਨੇ ਨਾਇਬ ਤਹਿਸੀਲਦਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਵੀ ਅਜਿਹੇ ਖੁੱਲ੍ਹੇ ਦਰਬਾਰ ਲਾਏ ਜਾਣ। ਸਬ ਤਹਿਸੀਲਦਾਰ ਸਰਵਣ ਕੁਮਾਰ ਨੇ ਦੱਸਿਆ ਕਿ ਪਿਛੇ ਲੰਮੇ ਸਮੇਂ ਤੋਂ ਸਬ ਤਹਿਸੀਲ ਬਾਬੈਨ ਦੇ ਵੱਖ-ਵੱਖ ਕੰਮਾਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਦੂਜੀ ਵਾਰ ਖੁੱਲ੍ਹੀ ਅਦਾਲਤ ਲਾਈ। ਇਸ ਮੌਕੇ ਸਾਰੇ ਕਾਨੂੰਨਗੋ ,ਪਟਵਾਰੀ ਤੇ ਹੋਰ ਸਟਾਫ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਸਬ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਹੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਲੋਕਾਂ ਨੇ ਕਈ ਹੋਰ ਸਮੱਸਿਆਵਾਂ ਵੀ ਚੁੱਕੀਆਂ, ਜਿਨ੍ਹਾਂ ਦੇ ਹੱਲ ਲਈ ਸਬੰਧਤ ਸਟਾਫ ਨੂੰ ਮੌਕੇ ’ਤੇ ਹੀ ਹਦਾਇਤ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਦਰਬਾਰ ਲਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਕਿਸੇ ਵੀ ਸਮੱਸਿਆ ਲਈ ਸਿੱਧੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕਾਨੂੰਨਗੋ ਨਵੀਨ ਕੁਮਾਰ, ਪਟਵਾਰੀ ਸੁਰਜੀਤ ਸਿੰਘ, ਦੇਵਿੰਦਰ, ਰਜਿਸਟਰੀ ਕਲਰਕ ਰਵੀ ਸ਼ੰਕਰ ਆਦਿ ਮੌਜੂਦ ਸਨ।