ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ
ਲੁਧਿਆਣਾ, 20 ਮਾਰਚ
ਵੱਖ-ਵੱਖ ਥਾਵਾਂ ਤੋਂ ਪੁਲੀਸ ਨੇ ਹੈਰੋਇਨ, ਨਸ਼ੀਲਾ ਪਾਊਡਰ ਅਤੇ ਇਲੈਕਟ੍ਰਾਨਿਕ ਸਿਗਰਟ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇੱਕ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਜਮਾਲਪੁਰ ਦੇ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਡਰੀਮ ਪਾਰਕ ਜਮਾਲਪੁਰ ਤੋਂ ਬੈਕ ਸਾਈਡ ਬ੍ਰੇਲ ਭਵਨ ਵੱਲ ਜਾ ਰਹੇ ਸੀ ਕਿ ਬ੍ਰੇਲ ਭਵਨ ਦੀ ਪਿਛਲੇ ਪਾਸੇ ਟੋਇਆਂ ਕੋਲ ਸੜਕ ਕਿਨਾਰੇ ਇੱਕ ਲੜਕਾ ਖੜ੍ਹਾ ਦਿਖਾਈ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਆਕਾਸ਼ ਕੁਮਾਰ ਉਰਫ਼ ਚੂਚਾ ਵਾਸੀ ਮੁਹੱਲਾ ਨਿਊ ਵਿਸ਼ਨੂੰ ਪੁਰੀ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇਦਾਰ ਸੁਲਖਣ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਲੱਕੜ ਪੁੱਲ ਦੇ ਹੇਠਾਂ ਲੰਘਦੀ ਗਲੀ ਵਿੱਚ ਮੌਜੂਦ ਸੀ ਤਾਂ ਰੇਲਵੇ ਲਾਈਨਾਂ ਵੱਲੋਂ 2 ਅਣਪਛਾਤੇ ਵਿਅਕਤੀ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਦੌਰਾਨ ਕਮਲ ਵਾਸੀ ਗੁਰੂ ਤੇਗ ਬਹਾਦਰ ਨਗਰ ਦੁੱਗਰੀ ਰੋਡ ਅਤੇ ਕਰਨ ਭਾਟੀਆ ਵਾਸੀ ਪਿੰਡ ਕਰਤਾਰਪੁਰ ਜ਼ਿਲ੍ਹਾ ਰੋਪੜ ਪਾਸੋਂ 50 ਗ੍ਰਾਮ ਨਸ਼ੀਲਾ ਪਾਊਡਰ, 6400 ਰੁਪਏ ਡਰੱਗ ਮਨੀ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ।
ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੇ ਹੌਲਦਾਰ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਗੋਲ ਮਾਰਕੀਟ ਨੇੜੇ ਦਮੋਰੀਆ ਪੁਲ ਨੇੜੇ ਮੌਜੂਦ ਸੀ ਤਾਂ ਪਤਾ ਲੱਗਾ ਕਿ ਚੰਦਨ ਖੰਨਾ ਵਾਸੀ ਨਿਊ ਚੰਦਰ ਨਗਰ ਅਤੇ ਸੰਤ ਕੌਰ ਵਾਸੀ ਪਿੰਡ ਭੋਲੇਵਾਲ ਜਦੀਦ ਆਪਣੀ ਦੁਕਾਨ ਪਾਨ ਸਟੂਡੀਓ ’ਤੇ ਪਾਬੰਦੀਸ਼ੁਦਾ ਇਲੈਕਟ੍ਰਾਨਿਕ ਸਿਗਰਟ/ਬੇਵ ਵੇਚ ਰਹੇ ਹਨ। ਪੁਲੀਸ ਵੱਲੋਂ ਚੰਦਨ ਖੰਨਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 11 ਇਲੈਕਟ੍ਰਾਨਿਕ ਸਿਗਰਟ/ਬੇਵ ਬਰਾਮਦ ਕੀਤੀ ਗਈ ਹੈ। ਪੁਲੀਸ ਵੱਲੋਂ ਸੰਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ।