ਦੋਸਤ ਨਾਲ ਘਰ ਜਾ ਰਹੇ ਪ੍ਰਾਪਰਟੀ ਡੀਲਰ ’ਤੇ ਗੋਲੀਆਂ ਚਲਾਈਆਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਾਰਚ
ਪਿੰਡ ਮਾਣਕਵਾਲ ਵਿੱਚ ਬੀਤੀ ਦੇਰ ਰਾਤ ਆਪਣੇ ਦੋਸਤ ਦੇ ਨਾਲ ਘਰ ਜਾ ਰਹੇ ਪ੍ਰਾਪਰਟੀ ਡੀਲਰ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਪ੍ਰਾਪਰਟੀ ਡੀਲਰ ਗਗਨਦੀਪ ਗੱਗੀ ਦੀ ਬਾਂਹ ’ਤੇ ਗੋਲੀ ਲੱਗੀ ਹੈ ਜਦਕਿ ਉਸ ਦੇ ਦੋਸਤ ਸਤਨਾਮ ਸਿੰਘ ਦਾ ਬਚਾਅ ਹੋ ਗਿਆ ਹੈ। ਫਿਲਹਾਲ ਥਾਣਾ ਸਦਰ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਗੋਲੀ ਦੀ ਪੁਸ਼ਟੀ ਕੀਤੀ ਹੈ ਤੇ ਜਾਂਚ ਸ਼ੁਰੂ ਕੀਤੀ ਹੈ ਕਿ ਆਖ਼ਰ ਕਿਸ ਨੇ ਅਤੇ ਕਿਉਂ ਗੋਲੀ ਚਲਾਈ। ਜਾਣਕਾਰੀ ਮੁਤਾਬਕ ਪਿੰਡ ਮਾਣਕਵਾਲ ਵਾਸੀ ਸਤਨਾਮ ਸਿੰਘ ਗਗਨਦੀਪ ਸਿੰਘ ਗੱਗੀ ਨਾਲ ਦੇਰ ਰਾਤ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਗਗਨਦੀਪ ਦੇ ਘਰ ਪਹੁੰਚੇ ਤਾਂ ਉਸ ਦੇ ਘਰ ਦੇ ਬਾਹਰ ਗੱਡੀ ਰੋ ਕੇ ਗੱਲਾਂ ਕਰਨ ਲੱਗ ਪਹੇ ਜਿਸ ਦੌਰਾਨ ਕੁਝ ਹਮਲਾਵਰਾ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਇੱਕ ਗੋਲੀ ਗਗਨਦੀਪ ਦੀ ਬਾਂਹ ’ਤੇ ਲੱਗੀ। ਸਤਨਾਮ ਨੇ ਫੱਟੜ ਗਗਨਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਇਸ ਵੇਲੇ ਉਹ ਇਲਾਜ ਅਧੀਨ ਹੈ। ਥਾਣਾ ਸਦਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਫਿਲਹਾਲ ਫੱਟੜ ਦਾ ਇਲਾਜ ਕਰਵਾਇਆ ਗਿਆ ਹੈ। ਪੁਲੀਸ ਨੇ ਬਿਆਨ ਦਰਜ ਕਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।