ਡਿਫਾਲਟਰ ਬਿਜਲੀ ਕੁਨੈਕਸ਼ਨ ਕੱਟਣ ਗਏ ਮੁਲਾਜ਼ਮ ਨਾਲ ਬਦਸਲੂਕੀ
ਮਾਛੀਵਾੜਾ, 21 ਮਾਰਚ
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਸਬ-ਡਿਵੀਜ਼ਨ ਮਾਛੀਵਾੜਾ ਵਿੱਚ ਤਾਇਨਾਤ ਇੱਕ ਬਿਜਲੀ ਕਾਮਾ ਜਦੋਂ ਨੇੜਲੇ ਪਿੰਡ ਕਾਉਂਕੇ ਵਿੱਚ ਇੱਕ ਡਿਫਾਲਟਰ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਕੱਟਣ ਗਿਆ ਤਾਂ ਉਸ ਨਾਲ ਬਦਸਲੂਕੀ ਕੀਤੀ ਗਈ ਜਿਸ ਸਬੰਧੀ ਮਾਛੀਵਾੜਾ ਥਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਮਾਛੀਵਾੜਾ ਬਿਜਲੀ ਦਫ਼ਤਰ ਵਿੱਚ ਤਾਇਨਾਤ ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਗੁਰਦਰਸ਼ਨ ਸਿੰਘ ਅਤੇ ਤਰਸੇਮ ਸਿੰਘ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਪਿੰਡ ਕਾਉਂਕੇ ਗਏ ਸਨ।
ਉਕਤ ਮੁਲਾਜ਼ਮਾਂ ਨਾਲ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਜੂਨੀਅਰ ਇੰਜਨੀਅਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਬਿਜਲੀ ਬਿੱਲ ਬਕਾਇਆ ਦੀ ਵਸੂਲੀ ਲਈ ਗਏ ਤਾਂ ਉੱਥੇ ਰੇਸ਼ਮ ਸਿੰਘ ਨਾਂ ਦੇ ਵਿਅਕਤੀ ਨੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਮਲਾਜ਼ਮ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਮੀਟਰਾਂ ਵਾਲਾ ਬਕਸਾ ਖੋਲ੍ਹ ਕੇ ਕੁਨੈਕਸ਼ਨ ਕੱਟਣ ਲੱਗੇ ਤਾਂ ਰੇਸ਼ਮ ਸਿੰਘ ਨੇ ਉਪਰੋਂ ਆ ਕੇ ਬਕਸੇ ਵਿਚ ਲੱਤ ਮਾਰੀ ਅਤੇ ਧਮਕੀਆਂ ਦਿੱਤੀਆਂ। ਗੁਰਮੇਲ ਸਿੰਘ ਨੇ ਦੱਸਿਆ ਕਿ ਜੇਕਰ ਲੱਤ ਮਾਰਨ ਕਾਰਨ ਉਸ ਦਾ ਮੂੰਹ ਬਿਜਲੀ ਬਕਸੇ ਅੰਦਰ ਤਾਰ੍ਹਾਂ ਨੂੰ ਲੱਗ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਥਾਣੇ ਵਿੱਚ ਇਕੱਤਰ ਹੋਏ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਜੋ ਸਾਡੇ ਕਰਮਚਾਰੀ ਨਾਲ ਬਦਸਲੂਕੀ ਹੋਈ ਹੈ ਉਸ ਸਬੰਧੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਾਮੇ ਨੇ ਕਿਹਾ ਕਿ ਉਹ ਤਾਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਆਪਣੀ ਡਿਊਟੀ ਨਿਭਾਅ ਰਹੇ ਹਨ ਅਤੇ ਇਸ ਵਿਅਕਤੀ ਨੇ ਜਿੱਥੇ ਡਿਊਟੀ ’ਚ ਵਿਘਨ ਪਾਇਆ ਉੱਥੇ ਕਰਮਚਾਰੀਆਂ ਨੂੰ ਧਮਕੀਆਂ ਵੀ ਦਿੱਤੀਆਂ ਜਿਸ ਕਾਰਨ ਉਕਤ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੂਜੀ ਧਿਰ ਨੂੰ ਬੁਲਾਇਆ ਜਾਵੇਗਾ ਅਤੇ ਸ਼ਿਕਾਇਤ ਦੇ ਅਧਾਰ ’ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।