ਫਾਸਟ ਫੂਡ ਬਣਾਉਣ ਵਾਲੇ ਦੁਕਾਨਦਾਰ ਦੇ ਘਰ ਛਾਪਾ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਮਾਰਚ
ਮਾਛੀਵਾੜਾ ਵਿੱਚ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਮੋਜ਼ ਬਣਾਉਣ ਵਾਲੇ ਦੁਕਾਨਦਾਰ ਦੇ ਘਰ ਜਦੋਂ ਛਾਪਾ ਮਾਰਿਆ ਤਾਂ ਉਥੇ ਕਰੇਟਾਂ ਵਿੱਚ ਭਰੇ ਬਾਸੇ ਮੋਮੋਜ਼ ਤੇ ਸਪਰਿੰਗ ਰੋਲ ਆਦਿ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੇ ਗੈਰ-ਮਿਆਰੀ ਫਾਸਟ ਫੂਡ ਨਸ਼ਟ ਕਰਵਾ ਦਿੱਤਾ ਹੈ। ਸਿਹਤ ਵਿਭਾਗ ਟੀਮ ਦੀ ਅਗਵਾਈ ਕਰ ਰਹੇ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਫਾਸਟ ਫੂਡ ਦਾ ਕੰਮ ਕਰਦੇ ਦੁਕਾਨਦਾਰ ਦੇ ਘਰ ’ਚ ਤਿਆਰ ਕੀਤਾ ਜਾਂਦਾ ਫਾਸਟ ਫੂਡ ਚੰਗੇ ਮਿਆਰ ਦਾ ਨਹੀਂ ਹੈ। ਇਸ ਮਗਰੋਂ ਜਦੋਂ ਟੀਮ ਨੇ ਘਰ ਵਿਚ ਛਾਪਾ ਮਾਰਿਆ ਤਾਂ ਦੇਖਿਆ ਕਿ ਜਿੱਥੇ ਫਾਸਟ ਫੂਡ ਦਾ ਸਾਮਾਨ ਮੋਮੋਜ਼, ਸਪਰਿੰਗ ਰੋਲ ਆਦਿ ਤਿਆਰ ਕੀਤਾ ਜਾਂਦਾ ਹੈ ਉਥੇ ਬਹੁਤ ਗੰਦਗੀ ਸੀ। ਇਸ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ ਢਕਿਆ ਨਹੀਂ ਸੀ ਹੋਇਆ ਅਤੇ ਉਸ ਉੱਪਰ ਮੱਖੀਆਂ ਤੇ ਮੱਛਰ ਬੈਠੇ ਸਨ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਗੈਰ-ਮਿਆਰੀ ਚੱਟਣੀ ਮਿਲੀ ਹੈ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਫਰਿੱਜ ਅੰਦਰ ਕਰੇਟਾਂ ਵਿੱਚ ਜੋ ਮੋਮੋਜ਼ ਭਰੇ ਹੋਏ ਸਨ ਉਹ ਬਾਸੇ ਸਨ ਜਿਨ੍ਹਾਂ ਨੂੰ ਖਾਣ ਨਾਲ ਲੋਕਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੋ ਫਾਸਟ ਫੂਡ ਦਾ ਸਾਮਾਨ ਬਣਾਇਆ ਜਾ ਰਿਹਾ ਸੀ ਉਹ ਜ਼ਮੀਨ ’ਤੇ ਬੈਠ ਕੇ ਤਿਆਰ ਕੀਤਾ ਜਾ ਰਿਹਾ ਸੀ ਅਤੇ ਸਫ਼ਾਈ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ। ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਇਹ ਸਾਰਾ ਖ਼ਰਾਬ ਫਾਸਟ ਫੂਡ ਵਾਲਾ ਸਾਮਾਨ ਨਸ਼ਟ ਕਰਵਾ ਦਿੱਤਾ ਹੈ ਅਤੇ ਮੌਕੇ ’ਤੇ ਇਨ੍ਹਾਂ ਦਾ ਚਲਾਨ ਵੀ ਕੱਟਿਆ ਗਿਆ।
ਇਸ ਦੌਰਾਨ ਦਵਿੰਦਰ ਸਿੰਘ ਨੇ ਕਿਹਾ ਕਿ ਕੁਝ ਫਾਸਟ ਫੂਡ ਵਿਕਰੇਤਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਨ੍ਹਾਂ ਖਿਲਾਫ਼ ਆਉਣ ਵਾਲੇ ਦਿਨਾਂ ਵਿਚ ਚੈਕਿੰਗ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਾਸਟ ਫੂਡ ਖਾਣ ਤੋਂ ਗੁਰੇਜ਼ ਕਰਨ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਦੀ ਟੀਮ ਨਾਲ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਜਾ ਕੇ ਚੈਕਿੰਗ ਕੀਤੀ ਜਾਵੇਗੀ।