ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਸੱਤ ਜਣੇ ਕਾਬੂ
ਲੁਧਿਆਣਾ (ਗੁਰਿੰਦਰ ਸਿੰਘ): ਪੁਲੀਸ ਨੇ ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ ਦੋ ਗਰੋਹਾਂ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਇੱਟਾਂ ਵਾਲਾ ਚੌਕ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਰਾਜਦੀਪ ਸਿੰਘ ਵਗੈਰਾ ਜੋ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਇਸ ਦੌਰਾਨ ਮੋਟਰਸਾਈਕਲ ਅਤੇ ਐਕਟਿਵਾ ’ਤੇ ਰੋਡੇ ਫਾਟਕਾਂ ਨੇੜੇ ਭਾਈ ਹਿੰਮਤ ਸਿੰਘ ਨਗਰ ਵੱਲ ਆਉਂਦਿਆਂ ਰਾਜਦੀਪ ਸਿੰਘ ਉਰਫ਼ ਕਾਲੀ, ਮਨਦੀਪ ਸਿੰਘ ਉਰਫ਼ ਖੰਡੂ ਵਾਸੀਆਨ ਪਿੰਡ ਫੁੱਲਾਂਵਾਲ, ਦੀਪਕ ਉਰਫ਼ ਸੁਮਿਤ ਉਰਫ਼ ਸਿੰਮੀ ਵਾਸੀ ਜਵੱਦੀ, ਰਾਹੁਲ ਕੰਗ ਵਾਸੀ ਮੁਹੱਲਾ ਚੌਹਾਨ ਨਗਰ ਅਤੇ ਕਰਨ ਕੁਮਾਰ ਵਾਸੀ ਛੋਟੀ ਜਵੱਦੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 4 ਦਾਤਰ, ਇੱਕ ਰਾਡ, ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 8 ਦੇ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਕੈਲਾਸ਼ ਚੌਕ ਵਿੱਚ ਮੌਜੂਦ ਸੀ ਤਾਂ ਸੂਚਨਾ ਦੇ ਆਧਾਰ ’ਤੇ ਤਾਹਿਰ ਮੁਹੰਮਦ ਉਰਫ਼ ਸਟਿਫਨੀ ਵਾਸੀ ਅਬਦੁੱਲਾਪੁਰ ਬਸਤੀ ਅਤੇ ਮੁਹੰਮਦ ਇਬਰਾਮ ਵਾਸੀ ਦੇਵ ਕਲੋਨੀ ਨੂੰ ਦੌਰਾਨੇ ਚੈਕਿੰਗ ਇੱਕ ਚੋਰੀ ਦੇ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ ਮੋਟਰਸਾਈਕਲ, 1 ਮੋਬਾਈਲ ਤੇ ਹਥਿਆਰ ਬਰਾਮਦ ਕੀਤੇ ਹਨ।