ਨਗਰ ਨਿਗਮ ਦੀ ਆਮਦਨ ’ਚ 240 ਕਰੋੜ ਰੁਪਏ ਦਾ ਘਾਟਾ
ਗਗਨਦੀਪ ਅਰੋੜਾ
ਲੁਧਿਆਣਾ, 22 ਮਾਰਚ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਆਮਦਨ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਾਟਾ ਪੈ ਰਿਹਾ ਹੈ। ਚਾਲੂ ਵਿੱਤੀ ਵਰ੍ਹੇ ਦੀ ਗੱਲ ਕਰੀਏ ਤਾਂ ਨਗਰ ਨਿਗਮ ਲੁਧਿਆਣਾ ਨੇ ਬਜਟ ਵਿੱਚ ਜੋ ਆਪਣੀ ਆਮਦਨ ਦਾ ਟੀਚਾ ਰੱਖਿਆ ਸੀ ਉਸ ਤੋਂ ਨਗਰ ਨਿਗਮ ਨੂੰ 240 ਕਰੋੜ ਰੁਪਏ ਦਾ ਘਾਟਾ ਪਇਆ ਹੈ। ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਘਾਟੇ ਵਾਲੇ ਆਮਦਨ ਦਾ ਬਜਟ ਨਗਰ ਨਿਗਮ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਾਰ ਨਗਰ ਨਿਗਮ ਨੇ 1091 ਕਰੋੜ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਹੈ, ਜਿਸ ਵਿੱਚ 1091 ਕਰੋੜ ਦੀ ਆਮਦਨ ਦਰਸ਼ਾਈ ਹੈ, ਜਿਸਦੀ ਏਵਜ਼ ਵਿੱਚ ਇਸਨੂੰ ਵੱਖ ਵੱਖ ਥਾਵਾਂ ’ਤੇ ਖਰਚ ਕੀਤਾ ਜਾਣਾ ਹੈ।
ਮਿਲੀ ਜਾਣਕਾਰੀ ਮੁਤਾਬਕ ਚਾਲੂ ਵਿੱਤੀ ਵਰ੍ਹੇ 2024-25 ਵਿੱਚ ਨਗਰ ਨਿਗਮ ਨੇ 990 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਸੀ, ਪਰ ਇਸ ਵਾਰ ਆਮਦਨ ਸਿਰਫ਼ 750 ਕਰੋੜ ਰੁਪਏ ’ਤੇ ਆ ਕੇ ਰੁੱਕ ਗਈ। ਜਿਸ ਵਿੱਚ ਸਿਰਫ਼ ਪ੍ਰਾਪਰਟੀ ਟੈਕਸ ਬਰਾਂਚ ਦੀ ਆਪਣਾ ਟੀਚਾ ਪੂਰਾ ਕਰ ਸਕੀ, ਬਾਕੀ ਸਭ ਥਾਵਾਂ ਤੋਂ ਨਗਰ ਨਿਗਮ ਦਾ ਆਪਣਾ ਟੀਚਾ ਪੂਰਾ ਨਹੀਂ ਹੋ ਸਕਿਆ ਹੈ। ਇਸ ਵਾਰ ਵੀ ਇਹ ਟੀਚਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਵਧਾ ਦਿੱਤਾ ਹੈ। ਨਗਰ ਨਿਗਮ ਦੀ ਆਮਦਨ ਦਾ ਗ੍ਰਾਫ਼ 2022 ਤੋਂ ਲਗਾਤਾਰ ਡਿੱਗ ਰਿਹਾ ਹੈ। ਜਿਸਦਾ ਕਾਰਨ ਹੈ, ਹਰ ਸਾਲ ਕੋਈ ਨਾ ਕੋਈ ਚੋਣਾਂ ਦਾ ਆਉਣਾ ਹੈ। ਇਸ ਕਰਕੇ ਨਗਰ ਨਿਗਮ ਦੇ ਅਧਿਕਾਰੀ ਆਪਣੇ ਆਜ਼ਾਦ ਪੱਧਰ ’ਤੇ ਰਿਕਵਰੀ ਨਹੀਂ ਕਰ ਪੈਂਦੇ। ਉਨ੍ਹਾਂ ਨੂੰ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਦਬਾਅ ਸਹਿਣਾ ਪੈਂਦਾ ਹੈ। 2022 ਵਿੱਚ ਵਿਧਾਨਸਭਾ ਚੋਣਾਂ ਹੋ ਗਈਆਂ, 2023 ਮਾਰਚ ਵਿੱਚ ਨਗਰ ਨਿਗਮ ਦੇ ਹਾਊਸ ਦਾ ਸਮਾਂ ਪੂਰਾ ਹੋਣਾ ਸੀ, ਇਸ ਕਰਕੇ ਰਿਕਵਰੀ ਪ੍ਰਭਾਵਿਤ ਹੋਈ। 2024 ਵਿੱਚ ਲੋਕ ਸਭਾ ਚੋਣਾਂ ਆ ਗਈਆਂ ਤੇ ਇਸ ਵਾਰ 2025 ਵਿੱਚ ਹਲਕਾ ਪੱਛਮੀ ਵਿੱਚ ਉਪ ਚੋਣ ਹੈ। ਅਧਿਕਾਰੀਆਂ ਦਾ ਤਰਕ ਰਿਕਵਰੀ ਘੱਟ ਹੋਣ ਪਿੱਛੇ ਇਹੀ ਹੈ।
ਇਸ ਸਾਲ ਦੀ ਗੱਲ ਕਰੀਏ ਤਾਂ 990 ਕਰੋੜ ਰੁਪਏ ਦੀ ਆਮਦਨ ਵਾਲਾ ਬਜਟ ਸੀ, ਜਿਸ ਦੀ ਆਮਦਨੀ 750 ਕਰੋੜ ਰੁਪਏ ’ਤੇ ਆ ਰੁੱਕ ਗਈ ਤੇ ਹੁਣ ਤੱਕ 240 ਕਰੋੜ ਰੁਪਏ ਦਾ ਘਾਟਾ ਕਾਗਜ਼ਾਂ ਵਿੱਚ ਪੈ ਗਿਆ ਹੈ। ਉਧਰ, ਮੇਅਰ ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਹੀ ਵਿਜ਼ਨ ਦੇ ਨਾਲ ਨਾਂ ਤਾਂ ਬਜਟ ਬਣਾਇਆ ਤੇ ਨਾਂ ਹੀ ਉਸ ਨੂੰ ਪੂਰਾ ਕੀਤਾ। ਇਸ ਵਾਰ ਬਜਟ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਤੇ ਸਾਲ ਦੇ ਅੰਤ ਵਿੱਚ ਦੇਖਣਾ ਆਮਦਨੀ ਵਿੱਚ ਘਾਟਾ ਨਹੀਂ ਸਗੋਂ ਕਰੋੜਾਂ ਦਾ ਵਾਧਾ ਹੋਵੇਗਾ।
ਪਿਛਲੇ ਵਰ੍ਹਿਆਂ ਦੇ ਅੰਕੜਿਆਂ ਦਾ ਵੇਰਵਾ
ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2021-22 ਵਿੱਚ ਨਗਰ ਨਿਗਮ ਨੇ 992 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸਦੇ ਵਿੱਚ ਆਮਦਨ 871 ਕਰੋੜ ਰੁਪਏ ’ਤੇ ਆ ਕੇ ਰੁੱਕ ਗਈ ਜਿਸ ਵਿੱਚ 120 ਕਰੋੜ ਰੁਪਏ ਦਾ ਆਮਦਨ ਵਿੱਚ ਘਾਟਾ ਪਇਆ। ਉਸ ਤੋਂ ਬਾਅਦ 2022-23 ਵਿੱਚ ਬਜਟ 968 ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ, ਜਿਸਦੀ ਆਮਦਨ 818 ਕਰੋੜ ਰੁਪਏ ’ਤੇ ਰੁਕ ਗਈ ਤੇ ਆਮਦਨ ਵਿੱਚ 150 ਕਰੋੜ ਰੁਪਏ ਦਾ ਘਾਟਾ ਪਇਆ। 2023-24 ਦੀ ਗੱਲ ਕਰੀਏ ਤਾਂ ਬਜਟ ਵਿੱਚ ਆਮਦਨ ਦਾ ਟੀਚਾ 925 ਕਰੋੜ ਰੁਪਏ ਰੱਖਿਆ ਗਿਆ, ਇਸ ਸਾਲ ਵੀ ਆਮਦਨ 798 ਕਰੋੜ ਰੁਪਏ ’ਤੇ ਰੁੱਕ ਗਈ ਤੇ 228 ਕਰੋੜ ਰੁਪਏ ਦਾ ਘਾਟਾ ਪਇਆ।