ਨਸ਼ਾ ਤਸਕਰੀ ਦੇ ਦੋਸ਼ ਹੇਠ 8 ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਐਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਅਤੇ 8 ਸੰਚਾਲਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.04 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲਾ ਪੁਲੀਸ ਨੇ 2 ਵਿਅਕਤੀ ਗ੍ਰਿਫ਼ਤਾਰ ਕੀਤੇ ਸਨ, ਜਿਨ੍ਹਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਦੇ ਮਨਜੀਤ ਵਜੋਂ ਹੋਈ ਹੈ, ਜੋ ਇਸ ਸਮੇਂ ਐਨਫੋਰਸਮੈਂਟ ਏਜੰਸੀ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ, ਅਤੇ ਦੂਜਾ ਵਿਅਕਤੀ ਰਵੀ ਕੁਮਾਰ ਹੈ , ਜੋ ਫਿਰੋਜ਼ਪੁਰ ਦੇ ਗਾਂਧੀ ਨਗਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਖੇਪਾਂ ਦੀ ਡਿਲਿਵਰੀ ਲਈ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਬਾਕੀ 6 ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਧਲਵਿੰਦਰ ਸਿੰਘ ਵਾਸੀ ਪਿੰਡ ਧਨੋਆ ਖੁਰਦ, ਰੋਹਿਤ ਸ਼ਰਮਾ ਉਰਫ਼ ਰੋਹਿਤ ਵਾਸੀ ਹਰਕ੍ਰਿਸ਼ਨ ਨਗਰ, ਅਭਿਸ਼ੇਕ ਸਿੰਘ ਵਾਸੀ ਪਿੰਡ ਚੌਗਾਵਾਂ, ਅਰਸ਼ਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਵਾਸੀ ਅੰਮ੍ਰਿਤਸਰ, ਅਮਿਤ ਕੁਮਾਰ ਉਰਫ਼ ਸੋਨੂੰ ਵਾਸੀ ਸੁੰਦਰ ਨਗਰ ਅੰਮ੍ਰਿਤਸਰ ਅਤੇ ਸਤਨਾਮ ਸਿੰਘ ਵਾਸੀ ਪਿੰਡ ਛਿੱਡਣ ਵਜੋਂ ਹੋਈ ਹੈ।। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਐਨਫੋਰਸਮੈਂਟ ਏਜੰਸੀ ਦਾ ਗ੍ਰਿਫ਼ਤਾਰ ਅਧਿਕਾਰੀ ਆਪਣੇ ਸਹਿ-ਮੁਲਜ਼ਮ ਰਵੀ ਨਾਲ ਮਿਲ ਕੇ ਸਰਹੱਦ ਪਾਰ ਤੋਂ ਖੇਪਾਂ ਦੀ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਵੀ ਸਿੱਧੇ ਤੌਰ ‘ਤੇ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਮਿਤ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਸੁਚਾਰੂ ਬਣਾਉਣ ਲਈ ਸਰਹੱਦ ਪਾਰ ਹਵਾਲਾ ਨੈੱਟਵਰਕ ਚਲਾ ਰਿਹਾ ਸੀ। ਇਸ ਸਬੰਧੀ ਛੇਹਰਟਾ ਅਤੇ ਰਣਜੀਤ ਐਵੇਨਿਊ ਪੁਲੀਸ ਸਟੇਸ਼ਨਾਂ ਵਿੱਚ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਦੀ ਵੀ ਪਛਾਣ ਕੀਤੀ ਹੈ।