ਪਲਸ ਮੰਚ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ
ਸਤਵਿੰਦਰ ਬਸਰਾ
ਲੁਧਿਆਣਾ, 2 ਮਈ
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਸਮਰਪਿਤ 43 ਸਾਲਾਂ ਤੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੌਰਾਨ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਕਲਾਕਾਰਾਂ ਨੇ ਹਾਜ਼ਰੀਨ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਸਮਾਗਮ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪਹਿਲੀ ਮਈ ਦੀ ਸ਼ਾਮ ਹੁੰਦਿਆਂ ਹੀ ਪੰਜਾਬੀ ਭਵਨ ਦੇ ਵਿਹੜੇ ਕਲਾ, ਸਾਹਿਤ ਪ੍ਰੇਮੀਆਂ, ਹੱਕਾਂ ਲਈ ਸੰਘਰਸ਼ ਕਰਦੇ ਜੁਝਾਰੂਆਂ ਅਤੇ ਕਿਸਾਨਾਂ ਦੇ ਕਾਫ਼ਲੇ ਆਉਣੇ ਸ਼ੁਰੂ ਹੋ ਗਏ। ਇਸ ਰਾਤ ਮਈ ਦੇ ਸ਼ਹੀਦਾਂ ਸਣੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਨੂੰ ਸਿਜਦਾ ਕੀਤਾ ਗਿਆ। ਇਸ ਉਪਰੰਤ ਜਗਮੋਹਣ ਜੋਸ਼ੀ ਦੀ ਰਚਨਾ ‘ਐ ਲਾਲ ਫਰੇਰੇ ਤੇਰੀ ਕਸਮ’ ਐਕਸ਼ਨ ਗੀਤ ਪੇਸ਼ ਕੀਤਾ। ਗ਼ਦਰੀ ਗੁਲਾਬ ਕੌਰ ਦੇ ਜੀਵਨ ਸੰਗਰਾਮ ਦੀ ਗਾਥਾ ‘ਤੂੰ ਚਰਖ਼ਾ ਘੁਕਦਾ ਰੱਖ ਜਿੰਦੇ’ ਨਾਟਕ ਨਾਲ ਸ਼ੁਰੂ ਹੋਈ, ਗੁਰਦਿਆਲ ਸਿੰਘ ਫੁੱਲ ਦੇ ਨਾਟਕ ਦਾ ਗੁਰਸ਼ਰਨ ਭਾਅ ਜੀ ਵੱਲੋਂ ਤਿਆਰ ਸੰਖੇਪ ਰੂਪ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਨਾਟਕ ‘ਜਿਨ ਸੱਚ ਪੱਲੇ ਹੋਇ’ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਖੇਡਿਆ ਗਿਆ। ਅਮੋਲਕ ਸਿੰਘ ਦੀ ਰਚਨਾ ‘ਵਕਤ ਦੀ ਆਵਾਜ਼’ ਸਤਪਾਲ ਬੰਗਾ ਦੀ ਨਿਰਦੇਸ਼ਨਾ ’ਚ ਪੀਪਲਜ਼ ਆਰਟ ਪਟਿਆਲਾ ਵੱਲੋਂ ਖੇਡਿਆ ਗਿਆ। ਨਾਟਕ ‘ਕਾਲਖ਼ ਹਨੇਰੇ’ (ਪ੍ਰੋ. ਅਜਮੇਰ ਸਿੰਘ ਔਲਖ ਦੀ ਰਚਨਾ) ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਖੇਡਿਆ ਗਿਆ। ਕੁਲਵਿੰਦਰ ਖਹਿਰਾ ਦਾ ਨਾਟਕ ‘ਮੈਂ ਕਿਤੇ ਨਹੀਂ ਗਿਆ’ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ’ਚ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਖੇਡਿਆ ਗਿਆ। ਸਮਾਗਮ ’ਚ ਡਾ. ਸੁਰਿੰਦਰ ਧੰਜਲ, ਬੂਟਾ ਸਿੰਘ ਮਹਿਮੂਦਪੁਰ ਅਤੇ ਰੰਗ ਕਰਮੀ ਸੁਮਨ ਲਤਾ ਨੂੰ ਪਲਸ ਮੰਚ ਵੱਲੋਂ ਗੁਰਸ਼ਰਨ ਕਲਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਪਲਸ ਮੰਚ ਦੇ ਅਹੁਦੇਦਾਰਾਂ ਅਮੋਲਕ ਸਿੰਘ, ਕੰਵਲਜੀਤ ਖੰਨਾ, ਕਸਤੂਰੀ ਲਾਲ, ਹਰਕੇਸ਼ ਚੌਧਰੀ, ਜਸਵਿੰਦਰ ਪੱਪੀ, ਹਰਵਿੰਦਰ ਦੀਵਾਨਾ ਸਣੇ ਪ੍ਰੋ. ਜਗਮੋਹਣ ਸਿੰਘ, ਡਾ. ਅਰੀਤ, ਮਨਜੀਤ ਕੌਰ ਔਲਖ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਨਮਾਨਤ ਸ਼ਖ਼ਸੀਅਤਾਂ ਨੂੰ ਮੁਬਾਰਕਾਂ ਦਿੱਤੀਆਂ।
ਇਸ ਤੋਂ ਪਹਿਲਾਂ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਦੇ ਕਲਾਕਾਰਾਂ ਨੇ ਰੰਗ ਬੰਨ੍ਹਿਆ। ਸਮਾਗਮ ਦੌਰਾਨ ਕਈ ਮਤੇ ਵੀ ਪਾਸ ਕੀਤੇ ਗਏ। ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।