ਨਗਰ ਨਿਗਮ ਵੱਲੋਂ 90 ਆਊਟਸੋਰਸਡ ਕਾਮੇ ਨੌਕਰੀ ਤੋਂ ਫਾਰਗ
ਕੁਲਦੀਪ ਸਿੰਘ
ਚੰਡੀਗੜ੍ਹ, 31 ਮਾਰਚ
ਚੰਡੀਗੜ੍ਹ ਨਗਰ ਨਿਗਮ ਵੱਲੋਂ ਵਿੱਤੀ ਸੰਕਟ ਦਾ ਹਵਾਲਾ ਦਿੰਦਿਆਂ 90 ਆਊਟਸੋਰਸਡ ਕਾਮਿਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 47 ਫਾਇਰਮੈਨ, 16 ਡਰਾਈਵਰ, 4 ਡਾਟਾ ਐਂਟਰੀ ਅਪਰੇਟਰ, 7 ਮਾਲੀ, 7 ਐੱਮਟੀਐੱਸ, 3 ਚਪੜਾਸੀ ਅਤੇ 6 ਸਫ਼ਾਈ ਕਰਮਚਾਰੀ ਸ਼ਾਮਲ ਹਨ। ਸਾਰੇ ਕਾਮੇ ਨਗਰ ਨਿਗਮ ਅਧੀਨ ਸੈਕਟਰ 11, ਸੈਕਟਰ 17, ਸੈਕਟਰ 32, ਸੈਕਟਰ 38, ਰਾਮ ਦਰਬਾਰ ਫੇਜ਼ - 1, ਫੇਜ਼-2 ਏਲਾਂਤੇ ਮਾਲ, ਮਨੀਮਾਜਰਾ ਸਥਿਤ ਵੱਖ-ਵੱਖ ਫਾਇਰ ਸਟੇਸ਼ਨਾਂ ਵਿੱਚ ਤਾਇਨਾਤ ਸਨ, ਜਿਨ੍ਹਾਂ ਨੂੰ ਅੱਜ ਆਪੋ-ਆਪਣੇ ਫਾਇਰ ਸਟੇਸ਼ਨਾਂ ਤੋਂ ਫੋਨ ’ਤੇ ਸੂਚਿਤ ਕੀਤਾ ਗਿਆ ਕਿ ਅੱਜ ਉਨ੍ਹਾਂ ਦੀ ਨੌਕਰੀ ਖ਼ਤਮ ਕਰ ਦਿੱਤੀ ਗਈ ਹੈ ਅਤੇ ਅੱਜ 31 ਮਾਰਚ ਦੀ ਰਾਤ 12 ਵਜੇ ਤੋਂ ਉਹ ਡਿਊਟੀ ’ਤੇ ਹਾਜ਼ਰ ਨਾ ਹੋਣ।
ਨੌਕਰੀ ਖ਼ਤਮ ਹੋਣ ਬਾਰੇ ਅਚਾਨਕ ਟੈਲੀਫੋਨਿਕ ਸੰਦੇਸ਼ ਮਿਲਣ ਸਾਰ ਸਾਰੇ ਕਾਮਿਆਂ ਵਿੱਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਪ੍ਰੰਤੂ ਫਿਲਹਾਲ ਅੱਜ ਦੀ ਛੁੱਟੀ ਹੋਣ ਕਾਰਨ ਕੋਈ ਹੱਲ ਨਹੀਂ ਨਿਕਲ ਸਕਿਆ। ਪ੍ਰੇਸ਼ਾਨ ਹੋਏ ਕਾਮਿਆਂ ਨੇ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਅਗਾਊਂ ਨੋਟਿਸ ਦਿੱਤੇ ਬਗੈਰ ਅਚਾਨਕ ਨੌਕਰੀ ਤੋਂ ਕੱਢ ਦੇਣਾ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਦਾ ਵਾਸਤਾ ਪਾ ਕੇ ਰੁਜ਼ਗਾਰ ਬਹਾਲ ਕਰਨ ਦੀ ਮੰਗ ਕੀਤੀ। ਮੇਅਰ ਨੇ ਭਰੋਸਾ ਦਿੱਤਾ ਕਿ ਉਹ ਭਲਕੇ ਨਿਗਮ ਕਮਿਸ਼ਨਰ ਨਾਲ ਗੱਲਬਾਤ ਕਰਨਗੇ। ਵੇਰਵਿਆਂ ਮੁਤਾਬਕ ਨਿਗਮ ਦਾ ਤਰਕ ਹੈ ਕਿ ਪਹਿਲਾਂ ਹੀ ਭਾਰੀ ਵਿੱਤੀ ਸੰਕਟ ਨਾਲ ਜੂਝ ਰਹੇ ਨਿਗਮ ਕੋਲ ਤਨਖਾਹਾਂ ਦੇਣ ਲਈ ਪੈਸਾ ਨਹੀਂ ਹੈ ਅਤੇ ਆਊਟਸੋਰਸਡ ਕਾਮਿਆਂ ਨੂੰ ਕੱਢਣਾ ਇਸ ਵੇਲੇ ਸਭ ਤੋਂ ਸੌਖਾ ਤਰੀਕਾ ਹੈ। ਨੌਕਰੀ ਤੋਂ ਕੱਢੇ ਗਏ ਕਾਮਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਫਾਇਰ ਬ੍ਰਿਗੇਡ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਵਾਲੰਟੀਅਰਾਂ ਵਜੋਂ ਕੰਮ ਕੀਤੇ ਜਿਸ ਦੇ ਬਦਲੇ ਕਮਿਸ਼ਨਰ ਵੱਲੋਂ ਉਦੋਂ ਉਨ੍ਹਾਂ ਨੂੰ ਬਕਾਇਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਵਿੱਚ ਵੀ ਆਪਣੀਆਂ ਜਾਨਾਂ ਜ਼ੋਖਿਮ ਵਿੱਚ ਪਾ ਕੇ ਡਿਊਟੀਆਂ ਨਿਭਾਈਆਂ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਨੌਕਰੀਆਂ ਖ਼ਤਮ ਨਾ ਕੀਤੀਆਂ ਜਾਣ ਅਤੇ ਡਿਊਟੀਆਂ ’ਤੇ ਵਾਪਿਸ ਬੁਲਾਇਆ ਜਾਵੇ।
ਛੁੱਟੀ ਹੋਣ ਕਾਰਨ ਮਸਲਾ ਮੇਰੇ ਧਿਆਨ ਵਿੱਚ ਨਹੀਂ: ਮੇਅਰ
ਇਸ ਸਬੰਧ ਵਿੱਚ ਸੰਪਰਕ ਕਰਨ ’ਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਅੱਜ ਛੁੱਟੀ ਹੋਣ ਕਰਕੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਭਲਕੇ ਉਹ ਨਿਗਮ ਦਫ਼ਤਰ ਪਹੁੰਚ ਕੇ ਕਮਿਸ਼ਨਰ ਨਾਲ ਗੱਲਬਾਤ ਕਰਨਗੇ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਕਾਮਿਆਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਣ।