ਧੋਖਾਧੜੀ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਕਾਲਾਂਵਾਲੀ, 10 ਅਪਰੈਲ
ਥਾਣਾ ਔਢਾਂ ਪੁਲੀਸ ਨੇ ਇੱਕ ਜੋਤਿਸ਼ ਸਾਈਟ ਰਾਹੀਂ ਕਾਲਾ ਜਾਦੂ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲਣ ਦੇ ਮਾਮਲੇ ਵਿੱਚ ਅਦਾਲਤ ਦੇ ਹੁਕਮ ’ਤੇ ਮੁਲਜ਼ਮ ਅਨੁਭਵ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਉੱਤਰ ਪ੍ਰਦੇਸ਼ ਦੇ ਆਗਰਾ ਦਾ ਰਹਿਣ ਵਾਲਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ 3 ਫਰਵਰੀ 2025 ਨੂੰ ਪਿੰਡ ਖਾਈ ਸ਼ੇਰਗੜ੍ਹ ਦੇ ਰਹਿਣ ਵਾਲੇ ਮੋਹਿਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੱਸਿਆ ਕਿ ਉਸਨੇ ਇੰਸਟਾਗ੍ਰਾਮ ’ਤੇ ਇੱਕ ਜੋਤਿਸ਼ ਦਾ ਇਸ਼ਤਿਹਾਰ ਦੇਖਿਆ। ਇਸ ’ਤੇ ਕਲਿੱਕ ਕਰਨ ’ਤੇ ਉਸਨੂੰ ਇੱਕ ਨੰਬਰ ਮਿਲਿਆ। ਉਸਨੇ ਵਟਸਐਪ ’ਤੇ ਆਪਣੀ ਸਮੱਸਿਆ ਦੱਸੀ ਅਤੇ ਉਸ ਤੋਂ ਬਾਅਦ ਪੂਜਾ ਦੇ ਨਾਮ ’ਤੇ ਪੈਸੇ ਦੀ ਮੰਗ ਕੀਤੀ ਗਈ। ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ’ਤੇ ਜਿੰਨ ਛੱਡਣ ਦੀ ਧਮਕੀ ਦਿੱਤੀ ਗਈ ਅਤੇ ਕਿਹਾ ਕਿ ਉਸ ’ਤੇ ਕਾਲਾ ਜਾਦੂ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਵਿਕਰਮਜੀਤ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਅਦਾਲਤ ਦੇ ਹੁਕਮਾਂ ’ਤੇ ਅਨੁਭਵ ਜੈਨ ਨੂੰ ਜਾਂਚ ਵਿੱਚ ਸ਼ਾਮਲ ਕਰ ਕੇ ਨਿਆਂਇਕ ਕਾਰਵਾਈ ਕੀਤੀ ਗਈ ਹੈ।