ਧਰਮ ਸਿੰਘ ਅਤੇ ਕੁਲਵੰਤ ਸਿੰਘ ਨੂੰ ਮਿਲਿਆ ਟੌਹੜਾ ਯਾਦਗਾਰੀ ਪੁਰਸਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਾਰਚ
ਸਿੱਖ ਐਜੂਕੇਸ਼ਨਲ ਸੁਸਾਇਟੀ ਵੱਲੋਂ ਪੰਥਕ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ 26 ਵਿਚ ਸਮਾਗਮ ਹੋਇਆ, ਜਿਸ ਵਿਚ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸੁਸਾਇਟੀ ਦੇ ਸਕੱਤਰ ਕਰਨਲ (ਸੇਵਾਮੁਕਤ) ਜੇ.ਐਸ. ਬਾਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਆਫ਼ ਐਮੀਨੈਂਸ, ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੈਮੋਰੀਅਲ ਐਵਾਰਡ ਪ੍ਰਾਪਤ ਕਰਨ ਵਾਲੀਆਂ ਦੋ ਸ਼ਖਸੀਅਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਸਕੂਲ ਆਫ਼ ਐਜੂਕੇਸ਼ਨ ਦੇ ਸਾਬਕਾ ਮੁਖੀ ਪ੍ਰੋ. (ਸੇਵਾਮੁਕਤ) ਧਰਮ ਸਿੰਘ ਅਤੇ ਪੀ.ਜੀ.ਜੀ.ਸੀ.-11, ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫੈਸਰ (ਸੇਵਾਮੁਕਤ) ਪ੍ਰੋ. ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਅਤੇ ਜਸਮੇਰ ਸਿੰਘ ਬਾਲਾ ਦੀ ਸੰਪਾਦਨਾ ਹੇਠ ਸੋਵੀਨਾਰ ਅਤੇ ਤਿੰਨ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਡਾ. ਰਣਜੀਤ ਸਿੰਘ ਘੁੰਮਣ ਨੇ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜੀਵਨ ਦੇ ਪੁਨਰਜਨਮ ਵਿੱਚ ਜਥੇਦਾਰ ਟੌਹੜਾ ਵਲੋਂ ਪਾਏ ਗਏ ਯੋਗਦਾਨ ਬਾਰੇ ਗੱਲ ਕੀਤੀ। ਪ੍ਰੋ. (ਸੇਵਾਮੁਕਤ) ਧਰਮ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ ਨੂੰ ਉਨ੍ਹਾਂ ਦੀਆਂ ਸਾਹਿਤਕ ਲਿਖਤਾਂ ਰਾਹੀਂ ਪੰਜਾਬ ਦੇ ਸਮਾਜਿਕ-ਰਾਜਨੀਤਕ ਵਿਚਾਰਾਂ ਵਿੱਚ ਯੋਗਦਾਨ ਪਾਉਣ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।