ਧਨਖੜ ਵੱਲੋਂ ਬੀਏਸੀ ਦੀ ਮੀਟਿੰਗ ’ਚੋਂ ਵਾਕਆਊਟ
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਅੱਜ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਵਿਚੋਂ ‘ਮਰਿਆਦਾ ਦੀ ਘਾਟ’ ਹੋਣ ਕਾਰਨ ਵਾਕਆਊਟ ਕਰ ਗਏੇ। ਸਦਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਚੇਅਰਮੈਨ ਇਸ ਕਰਕੇ ਮੀਟਿੰਗ ’ਚੋਂ ਚਲੇ ਗਏ ਕਿਉਂਕਿ ਸਦਨ ਦੇ ਅਗਲੇ ਹਫ਼ਤੇ ਦੇ ਕੰਮਕਾਜ ਨੂੰ ਲੈ ਕੇ ਉਨ੍ਹਾਂ ਦੇ ਅਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵਿਚਾਲੇ ਮਤਭੇਦ ਸਨ।
ਵਿਰੋਧੀ ਧਿਰ ਦੇ ਆਗੂ ਮੁਤਾਬਕ ਰਾਜ ਸਭਾ ਚੇਅਰਮੈਨ ਨੇ ਇਸ ਲਈ ਵਾਕਆਊਟ ਕੀਤਾ ਕਿਉਂਕਿ ‘ਜਾਅਲੀ’ ਵੋਟਰ ਸ਼ਨਾਖਤੀ ਕਾਰਡ (ਈਪੀਆਈਸੀ) ਗਿਣਤੀ ਤੇ ਸੰਸਦੀ ਕਮੇਟੀਆਂ ਵੱਲੋਂ ਜਾਂਚ ਦੀ ਮੰਗ ਲਈ ਬਿੱਲ ਭੇਜੇ ਜਾਣ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਮਤਭੇਦ ਸਨ। ਰਾਜ ਸਭਾ ਸੂਤਰਾਂ ਨੇ ਦਾਅਵਾ ਕੀਤਾ ਕਿ ਈਪੀਆਈਸੀ ਮੁੱਦੇ ’ਤੇ ਚਰਚਾ ਨਹੀਂ ਹੋਈ। ਉਨ੍ਹਾਂ ਮੁਤਾਬਕ ਸਰਕਾਰ ਤੇ ਵਿਰੋਧੀ ਧਿਰ ਦੇ ਮੈਂਬਰ ਆਪੋ-ਆਪਣੇ ਰੁਖ਼ ’ਤੇ ਦ੍ਰਿੜ੍ਹ ਸਨ, ਜਿਸ ਕਾਰਨ ਚੇਅਰਮੈਨ ਮੀਟਿੰਗ ਵਿਚੋਂ ਚਲੇ ਗਏ।
ਬੀਏਸੀ ਦੀ ਮੀਟਿੰਗ ’ਚ ਅਗਲੇ ਹਫ਼ਤੇ ਉਪਰਲੇ ਸਦਨ ’ਚ ਹੋਣ ਵਾਲੇ ਕੰਮਕਾਜ ਬਾਰੇ ਫ਼ੈਸਲਾ ਕਰਨ ਲਈ ਸੱਦੀ ਗਈ ਸੀ। ਵਿਰੋਧੀ ਧਿਰ ਦੇ ਸੀਨੀਅਰ ਆਗੂੁਆਂ ਮੁਤਾਬਕ ਉਨ੍ਹਾਂ ਦੇ ਸੰਸਦ ਮੈਂਬਰ ਚਹੁੰਦੇ ਸਨ ਕਿ ਸਰਕਾਰ ਈਪੀਆਈਸੀ ਕਾਰਡ, ਮਨੀਪੁਰ ਦੀ ਸਥਿਤੀ ਅਤੇ ਬਿੱਲਾਂ ਦੀ ਜਾਂਚ ਵਰਗੇ ਮੁੱਦਿਆਂ ’ਤੇ ਬਹਿਸ ਲਈ ਸਮਾਂ ਤੈਅ ਕਰੇ। ਵਿਰੋਧੀ ਆਗੂਆਂ ਨੇ ਆਖਿਆ ਕਿ ਉਹ ਰੋਜ਼ਾਨਾ ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਨੋਟਿਸ ਦੇ ਰਹੇ ਹਨ ਪਰ ਉਨ੍ਹਾਂ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। -ਪੀਟਆਈ