ਦੋ ਪਿੰਡਾਂ ’ਚ 70 ਏਕੜ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹੀ
ਬੀਰਬਲ ਰਿਸ਼ੀ
ਸ਼ੇਰਪੁਰ, 17 ਅਪਰੈਲ
ਪਿੰਡ ਕਾਤਰੋਂ-ਘਨੌਰੀ ਕਲਾਂ ਦਰਮਿਆਨ ਟਾਈਲ ਫੈਕਟਰੀ ਨੇੜੇ ਅੱਜ ਬਾਅਦ ਦੁਪਹਿਰ 11 ਕਿਸਾਨਾਂ ਦੀ ਲਗਪਗ 70 ਏਕੜ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਫੈਕਟਰੀ ਨੇੜਿਓਂ ਅੱਗ ਲੱਗਣ ਦੀ ਪਈ ਵੀਡੀਓ ਮਗਰੋਂ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਤੇ ਇਲਾਕੇ ’ਚ ਅੱਗ ਬੁਝਾਉਣ ਲਈ ਤਿਆਰ ਕੁੱਝ ਜੁਗਾੜੂ ਯੰਤਰਾਂ ਅਤੇ ਕਈ ਪਿੰਡਾਂ ’ਚੋਂ ਆਏ ਲੋਕਾਂ ਨੇ ਟਰੈਕਟਰਾਂ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਤੇ ਅਫਸਰਸ਼ਾਹੀ ਨੂੰ ਮੌਕੇ ’ਤੇ ਪਹੁੰਚਣ ਲਈ ਹਦਾਇਤਾਂ ਕੀਤੀਆਂ। ਮੌਕੇ ’ਤੇ ਮੌਜੂਦ ਲਖਵੀਰ ਸਿੰਘ ਲੱਖਾ ਪੁੱਤਰ ਸਾਬਕਾ ਸਰਪੰਚ ਜ਼ੋਰਾ ਸਿੰਘ ਵਾਸੀ ਘਨੌਰੀ ਕਲਾਂ ਨੇ ਦੱਸਿਆ ਕਿ ਉਸ ਦੇ 12 ਕਿੱਲੇ ਕਣਕ ਦੀ ਫ਼ਸਲ ਸੜਕ ਗਈ ਅਤੇ ਕਾਫ਼ੀ ਫ਼ਸਲ ਟਰੈਕਟਰਾਂ ਤੇ ਹੋਰ ਵਾਹਨਾਂ ਨਾਲ ਮਿੱਧੀ ਗਈ। ਇਸੇ ਤਰ੍ਹਾਂ ਘਨੌਰੀ ਕਲਾਂ ਨਾਲ ਸਬੰਧਤ ਗੁਰਲਾਲ ਸਿੰਘ ਦੀ ਪੰਜ ਏਕੜ, ਹਰਦੀਪ ਸਿੰਘ ਤੇ ਰਣਜੀਤ ਸਿੰਘ ਦੀ 9 ਏਕੜ, ਮਨਜਿੰਦਰ ਸਿੰਘ 7 ਏਕੜ ਜਿਸ ਵਿੱਚੋਂ 3 ਠੇਕੇ ’ਤੇ ਲਈ ਹੋਈ ਸੀ। ਪਿੰਡ ਕਾਤਰੋਂ ਦੇ ਕਿਸਾਨਾਂ ਕਪੂਰ ਸਿੰਘ ਦੀ ਤਕਰੀਬਨ 18 ਏਕੜ, ਸੁਖਦੇਵ ਸਿੰਘ ਦੀ 1 ਏਕੜ, ਗੁਰਮੀਤ ਸਿੰਘ 6 ਏਕੜ, ਕੁਲਵੰਤ ਸਿੰਘ 2 ਏਕੜ, ਨਰਿੰਦਰ ਸਿੰਘ 2 ਏਕੜ ਨਾੜ, ਰਣਜੀਤ ਸਿੰਘ 5 ਏਕੜ ਨਾੜ, ਬਹਾਦਰ ਸਿੰਘ 7 ਏਕੜ ਕਣਕ ਦਾ ਨੁਕਸਾਨ ਹੋਇਆ ਹੈ। ਧੂਰੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਅੱਗ ’ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਮੌਕੇ ’ਤੇ ਨਾਇਬ ਤਹਿਸੀਲਦਾਰ ਸ਼ੇਰਪੁਰ ਕੁਲਵੀਰ ਸਿੰਘ, ਪਟਵਾਰੀ ਸਵਰਨ ਸਿੰਘ, ਐੱਸਐੱਚਓ ਸਦਰ ਧੂਰੀ ਕਰਨਵੀਰ ਸਿੰਘ, ਏਐੱਸਆਈ ਜ਼ੈਬਰਾ ਸਿੰਘ ਆਦਿ ਪੁੱਜੇ ਹੋਏ ਸਨ। ਨਾਇਬ ਤਹਿਸੀਲਦਾਰ ਕੁਲਵੀਰ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨਾਂ ਨੂੰ 18 ਅਪਰੈਲ ਨੂੰ ਬੁਲਾਇਆ ਗਿਆ ਹੈ।
ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨਾਲ ਰਾਬਤਾ ਕਰਕੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿਵਾਉਣ ਅਤੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਕੋਲ ਜਿੰਨਾ ਸਮਾਂ ਕਣਕ ਦੀ ਫ਼ਸਲ ਖੜ੍ਹੀ ਹੈ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਚਲਾਉਣ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਤਾਰਾਂ ਭਿੜਨ ਕਾਰਨ 10 ਏਕੜ ਫਸਲ ਸੜੀ
ਸਮਾਣਾ (ਸੁਭਾਸ਼ ਚੰਦਰ): ਪਿੰਡ ਸੱਸਾ ਗੁਜਰਾਂ ਵਿੱਚ ਅੱਗ ਕਾਰਨ 10 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ’ਤੇ ਸਮਾਣਾ ਤੋਂ ਪਹੁੰਚੀਆਂ ਗੱਡੀਆਂ ਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਅੱਗ ’ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਰਾਮ ਨਗਰ ਪੁਲੀਸ ਚੌਕੀ ਦੇ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਰੁਲਦੂ ਰਾਮ ਅਤੇ ਸ਼ੁਭਮ ਅਨੁਸਾਰ ਅੱਜ ਤੜਕੇ ਕਰੀਬ ਢਾਈ ਤਿੰਨ ਵਜੇ ਤੇਜ਼ ਹਨੇਰੀ ਕਾਰਨ ਹਰਿਆਣਾ ਦੇ ਪੈਟਰੋਲ ਪੰਪ ਨੇੜੇ ਲੱਗੇ ਟ੍ਰਾਂਸਫਾਰਮਰ ’ਚੋਂ ਨਿਕਲੀ ਚਿੰਗਾਰੀ ਉਨ੍ਹਾਂ ਦੇ ਖੇਤ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲੀਸ ਚੌਕੀ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ।