‘ਦਿ ਟ੍ਰਿਬਿਉੂਨ’ ਦੇ ਸਾਬਕਾ ਮੁੱਖ ਸੰਪਾਦਕ ਹਰੀ ਜੈਸਿੰਘ ਦਾ ਦੇਹਾਂਤ
ਟ੍ਰਿਬਿਊੁਨ ਨਿਊਜ਼ ਸਰਵਿਸ
ਨਵੀਂ ਦਿੱਲੀ, 23 ਅਪਰੈਲ
‘ਦਿ ਟ੍ਰਿਬਿਊਨ’ ਦੇ ਸਾਬਕਾ ਮੁੱਖ ਸੰਪਾਦਕ ਹਰੀ ਜੈਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। 1994 ਤੋਂ 2003 ਤੱਕ ਅਜਿਹੇ ਸਮੇਂ ਵਿੱਚ ਅਖ਼ਬਾਰ ਦੇ ਸੰਪਾਦਕ ਰਹੇ ਜਦੋਂ ਖੇਤਰ ਵਿੱਚ ਅਸੁਰੱਖਿਆ ਤੇ ਅਸਥਿਰਤਾ ਦਾ ਮਾਹੌਲ ਸੀ। ਉਹ 85 ਵਰ੍ਹਿਆਂ ਦੇ ਸਨ। ‘ਦਿ ਟ੍ਰਿਬਿਊਨ’ ਟਰੱਸਟ ਦੇ ਪ੍ਰਧਾਨ ਐੱਨਐੱਨ ਵੋਹਰਾ ਨੇ ਹਰੀ ਜੈਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।
ਜੈਸਿੰਘ ਨਿਡਰ ਸਨ ਅਤੇ ਉਹ ਸੱਤਾ ਦੇ ਸਾਹਮਣੇ ਬੇਖ਼ੌਫ ਸੱਚ ਬੋਲਣ ਤੋਂ ਨਹੀਂ ਡਰਦੇ ਸਨ। ਮੁੱਖ ਸੰਪਾਦਕ ਹੋਣ ਦੇ ਨਾਤੇ ਉਨ੍ਹਾਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਖ਼ਬਾਰ ਦੇ ਮਿਆਰ ਨੂੰ ਕਾਇਮ ਰੱਖਿਆ। ਮਹਾਨ ਦੂਰਦਰਸ਼ੀ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਤ ਕੀਤੀ ਗਈ ਸੰਸਥਾ ਦੀਆਂ ਪੱਤਰਕਾਰੀ ਦੀਆਂ ਮਿਸਾਲੀ ਕਦਰਾਂ-ਕੀਮਤਾਂ ’ਤੇ ਖਰੇ ਉਤਰਨਾ ਉਨ੍ਹਾਂ ਦਾ ਅਟੱਲ ਧਰਮ ਸੀ।
‘ਦ੍ਰਿ ਟ੍ਰਿਬਿਊਨ’ ਦੀ ਆਪਣੀ ਆਖ਼ਰੀ ਸੰਪਾਦਕੀ ਵਿੱਚ ਉਨ੍ਹਾਂ ਲਿਖਿਆ ਸੀ, ‘‘ਪ੍ਰੈੱਸ ਦੀ ਆਜ਼ਾਦੀ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ ਹੈ ਅਤੇ ਨਾ ਹੀ ਇਹ ਆਪਣੇ ਆਪ ਵਿੱਚ ਖ਼ਤਮ ਹੋ ਸਕਦੀ ਹੈ। ਪ੍ਰੈੱਸ ਦੀ ਆਜ਼ਾਦੀ ਦੀ ਡੂੰਘੀ ਸਮਾਜਿਕ ਮਹੱਤਤਾ ਹੈ...ਆਜ਼ਾਦੀ ਨੂੰ ਨਿਆਂਪੂਰਨ ਉਦੇਸ਼ਾਂ ਨੂੰ ਹੱਲਾਸ਼ੇਰੀ ਦੇਣ, ਉਦਾਰ ਤੇ ਸਮਾਨਤਾਵਾਦੀ ਰਾਜਨੀਤੀ ਦੇ ਨਿਰਮਾਣ ਅਤੇ ਸੱਤਾ ਵਿੱਚ ਬੈਠੇ ਲੋਕਾਂ ਦੀ ਜਵਾਬਦੇਹੀ ਨਾਲ ਜੋੜਿਆ ਜਾਣਾ ਚਾਹੀਦਾ ਹੈ।’’ ਜੈਸਿੰਘ ਨੇ ਜਨਤਕ ਉਦੇਸ਼ਾਂ ਅਤੇ ਆਮ ਆਦਮੀ ਦੇ ਅਧਿਕਾਰਾਂ ਦੇ ਚੈਂਪੀਅਨ ਵਜੋਂ ਆਪਣੇ-ਆਪ ਨੂੰ ਵੱਖ ਕੀਤਾ। ਉਨ੍ਹਾਂ ਦੀਆਂ ਬੇਬਾਕ ਲਿਖਤਾਂ ਨਾਲ ਪਾਠਕ ਜੁੜ ਗਏ ਅਤੇ ਉਨ੍ਹਾਂ ਦੀਆਂ ਇਹ ਲਿਖਤਾਂ ਸੱਤਾ ਦੇ ਗਲਿਆਰਿਆਂ ਵਿੱਚ ਵੀ ਗੂੰਜਦੀਆਂ ਰਹੀਆਂ। ਭਾਵੇਂ ਕਿ ਇਹ ਹਰਿਆਣਾ ਦੇ ਡੀਜੀਪੀ ਨਾਲ ਜੁੜਿਆ ਰੁਚਿਕਾ ਛੇੜਛਾੜ ਮਾਮਲਾ ਸੀ (‘ਸ੍ਰੀ ਚੌਟਾਲਾ, ਇਹ ਧਰਮ ਦਾ ਸਵਾਲ ਹੈ’, 5 ਦਸੰਬਰ, 2000) ਜਾਂ ਜਨਤਕ ਜੀਵਨ ਵਿੱਚ ਇਮਾਨਦਾਰੀ ਦਾ ਵੱਡਾ ਮੁੱਦਾ (‘ਨਹੀਂ, ਮਾਈ ਲਾਰਡ!’, 5 ਮਈ, 2002), ਜੈਸਿੰਘ ਨੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਅਖ਼ਬਾਰ ਨੇ ਉਨ੍ਹਾਂ ਦੀ ਅਗਵਾਈ ਹੇਠ ਨਵੀਆਂ ਬੁਲੰਦੀਆਂ ਛੂਹੀਆਂ ਅਤੇ ‘ਲੋਕਾਂ ਦੀ ਆਵਾਜ਼’ ਵਜੋਂ ਆਪਣੇ ਮੋਹਰੀ ਸਥਾਨ ਨੂੰ ਹੋਰ ਮਜ਼ਬੂਤ ਕੀਤਾ। ਇਹ ਉਨ੍ਹਾਂ ਦਾ ਦੂਰਦਰਸ਼ੀ ਮਾਰਗਦਰਸ਼ਨ ਅਤੇ ਹੱਲਾਸ਼ੇਰੀ ਸੀ ਕਿ ‘ਦਿ ਟ੍ਰਿਬਿਊਨ’ ਨੇ ਇੱਕ ਵੱਡੀ ਪੁਲਾਂਘ ਪੁੱਟਦਿਆਂ 1998 ਵਿੱਚ ਆਪਣਾ ਆਨਲਾਈਨ ਐਡੀਸ਼ਨ ਸ਼ੁਰੂ ਕੀਤਾ, ਜਦੋਂ ਕੁਝ ਹੋਰ ਮੀਡੀਆ ਹਾਊਸਾਂ ਨੇ ਇਸ ਬਾਰੇ ਵਿਚਾਰ ਵੀ ਨਹੀਂ ਸੀ ਕੀਤਾ। ਅਸੀਂ ਆਪਣੇ ਸਾਬਕਾ ਮੁੱਖ ਸੰਪਾਦਕ ਨੂੰ ਵਿਦਾਇਗੀ ਦਿੰਦੇ ਹੋਏ ਇਹ ਸੰਕਲਪ ਲੈਂਦੇ ਹਾਂ ਕਿ ਅਸੀਂ ਹਮੇਸ਼ਾ ਉਨ੍ਹਾਂ ਦੀ ਕਲਮ ਦੀ ਤਾਕਤ ਤੋਂ ਪ੍ਰੇਰਣਾ ਲੈਂਦੇ ਰਹਾਂਗੇ ਅਤੇ ਇਸ ਵੱਕਾਰੀ ਸੰਸਥਾ ਨੂੰ ਮਜ਼ਬੂਤ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ, ਜੋ ਪਿਛਲੇ ਲਗਪਗ 150 ਸਾਲਾਂ ਤੋਂ ਸੱਚ, ਨਿਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਖੜ੍ਹੀ ਰਹੀ ਹੈ।
ਇਕ ਮਿੱਠ ਬੋਲੜੇ ਪੇਸ਼ੇਵਰ
ਰੁਪਿੰਦਰ ਸਿੰਘ
ਹਰੀ ਜੈਸਿੰਘ (1941-2025) ਨੇ 1994 ਤੋਂ 2003 ਤੱਕ ‘ਦਿ ਟ੍ਰਿਬਿਊਨ’ ਸਮੂਹ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ। ਉਹ ਇਕ ਮਿੱਠ ਬੋਲੜੇ ਬੌਸ ਸਨ। ਉਨ੍ਹਾਂ ਨੇ ਆਪਣੀ ਟੀਮ ਨੂੰ ਜ਼ਿੰਮੇਵਾਰੀ ਸੌਂਪ ਕੇ ਤਾਕਤਵਰ ਬਣਾਇਆ। ਉਹ ਆਪਣੀ ਮਜ਼ਬੂਤ ਪੇਸ਼ੇਵਰ ਨੈਤਿਕਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਨਿਮਰ ਵਿਵਹਾਰ ਅਤੇ ਹਰ ਸਮੇਂ ਚਿਹਰੇ ’ਤੇ ਰਹਿੰਦੀ ਮੁਸਕਾਨ ਨੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਅਖ਼ਬਾਰ ਨੂੰ ਪ੍ਰਭਾਵਸ਼ਾਲੀ ਸਰੂਪ ਦੇਣ ਵਿੱਚ ਮਦਦ ਕੀਤੀ। ਉਨ੍ਹਾਂ ਦੇ ਨਿਯਮਤ ਕਾਲਮ ‘ਫਰੈਂਕਲੀ ਸਪੀਕਿੰਗ’ ਅਤੇ ਪ੍ਰਭਾਵਸ਼ਾਲੀ ਪਹਿਲੇ ਪੰਨੇ ਦੇ ਸੰਪਾਦਕੀ ਪਾਠਕਾਂ ਦੇ ਦਿਲਾਂ ਨੂੰ ਧੂਹ ਪਾਉਂਦੇ ਸਨ।
ਉਨ੍ਹਾਂ ਦੀ ਅਗਵਾਈ ਹੇਠ ਟ੍ਰਿਬਿਊਨ ਦੇ ਸੰਪਾਦਕੀ ਵਿਭਾਗ ਦਾ ਕੰਪਿਊਟਰੀਕਰਨ ਕੀਤਾ ਗਿਆ। 1998 ਵਿੱਚ ਇੰਟਰਨੈੱਟ ਐਡੀਸ਼ਨ ਸ਼ੁਰੂ ਕੀਤਾ ਗਿਆ। ਉਸ ਮਗਰੋਂ ਸਭ ਤੋਂ ਪਹਿਲਾਂ ਆਈਟੀ ਪ੍ਰਿੰਟ ਸਪਲੀਮੈਂਟ ਲੌਗ ਇਨ..ਟ੍ਰਿਬਿਊਨ ਸ਼ੁਰੂ ਕੀਤਾ ਗਿਆ। ਉਨ੍ਹਾਂ ਚੰਡੀਗੜ੍ਹ ਟ੍ਰਿਬਿਊਨ ਸ਼ੁਰੂ ਕੀਤਾ, ਜਿਸ ਨੇ ਬਾਅਦ ਵਿੱਚ ਹੋਰ ਸ਼ਹਿਰਾਂ ਦੇ ਸਪਲੀਮੈਂਟ ਹੋਂਦ ਵਿੱਚ ਲਿਆਂਦੇ। ਉਨ੍ਹਾਂ ‘ਦਿ ਟ੍ਰਿਬਿਊਨ’ ਵਿੱਚ ਗ੍ਰਾਫਿਕ ਡਿਜ਼ਾਈਨਰਾਂ ਨੂੰ ਲਿਆਂਦਾ। ਪ੍ਰਮੁੱਖ ਕੌਮੀ ਸ਼ਖ਼ਸੀਅਤਾਂ ਦੇ ਯੋਗਦਾਨ ਵਾਲੀ ਸਾਲ ਭਰ ਚੱਲਣ ਵਾਲੀ ‘ਆਜ਼ਾਦੀ ਦੇ 50 ਸਾਲ’ ਸਪਲੀਮੈਂਟ ਲੜੀ ਇਕ ਕੀਮਤੀ ਸਰੋਤ ਬਣ ਗਈ। ਹਰੀ ਜੈਸਿੰਘ ਨੇ ਨਵੀਂ ਦਿੱਲੀ ਅਤੇ ਬਠਿੰਡਾ ਵਿੱਚ ਐਡੀਸ਼ਨ ਸ਼ੁਰੂ ਕੀਤੇ, ਜਿਸ ਨਾਲ ‘ਦਿ ਟ੍ਰਿਬਿਊਨ’ ਦੀ ਪਹੁੰਚ ਵਧੀ।
ਹਰੀ ਜੈਸਿੰਘ ਦਾ ਜਨਮ ਕਰਾਚੀ ’ਚ ਹੋਇਆ ਸੀ। ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਆ ਗਿਆ। ਜਾਦਵਪੁਰ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ‘ਆਨੰਦ ਬਾਜ਼ਾਰ’ ਮੈਗਜ਼ੀਨ ਤੋਂ ਪੱਤਰਕਾਰੀ ’ਚ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ। 1966 ਵਿੱਚ ਉਨ੍ਹਾਂ ਅੰਬਾਲਾ ’ਚ ਸਹਾਇਕ ਸੰਪਾਦਕ ਵਜੋਂ ‘ਦਿ ਟ੍ਰਿਬਿਊਨ’ ਵਿੱਚ ਜੁਆਇਨ ਕੀਤਾ, ਜਿੱਥੇ ਉਨ੍ਹਾਂ ਸੰਪਾਦਕੀਆਂ ਲਿਖੀਆਂ, ਮਸ਼ਹੂਰ ‘ਚੰਡੀਗੜ੍ਹ ਕਾਲਿੰਗ’ ਕਾਲਮ ਦੀ ਸ਼ੁਰੂਆਤ ਕੀਤੀ ਅਤੇ ਐਤਵਾਰ ਮੈਗਜ਼ੀਨ ਤੇ ਕਿਤਾਬਾਂ ਦੀ ਸਮੀਖਿਆ ਸਬੰਧੀ ਸੈਕਸ਼ਨਾਂ ਦਾ ਪ੍ਰਬੰਧਨ ਕੀਤਾ। ਮੁੱਖ ਸੰਪਾਦਕ ਵਜੋਂ ਟ੍ਰਿਬਿਊਨ ਵਿੱਚ ਪਰਤਣ ਤੋਂ ਪਹਿਲਾਂ ਉਹ 1979 ’ਚ ਅਹਿਮਦਾਬਾਦ ਵਿੱਚ ‘ਦਿ ਇੰਡੀਅਨ ਐਕਸਪ੍ਰੈੱਸ’ ਦੇ ਰੈਜ਼ੀਡੈਂਟ ਸੰਪਾਦਕ ਸਨ। 1983 ਵਿੱਚ ਬੰਬਈ/ਅਹਿਮਦਾਬਾਦ ਵਿੱਚ ‘ਨੈਸ਼ਨਲ ਹੈਰਾਲਡ’ ਦੇ ਸੰਪਾਦਕ ਅਤੇ ‘ਇੰਡੀਅਨ ਐਕਸਪ੍ਰੈੱਸ’ ਦੇ ਰੈਜ਼ੀਡੈਂਟ ਸੰਪਾਦਕ ਸਨ। ਉਨ੍ਹਾਂ ‘ਆਬਜ਼ਰਵਰ ਨਿਊਜ਼ ਸਰਵਿਸ’ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਅਤੇ ਕਈ ਹੋਰ ਪ੍ਰਕਾਸ਼ਨਾਂ ਵਿੱਚ ਯੋਗਦਾਨ ਪਾਇਆ।
ਉਹ ‘ਐਡੀਟਰਜ਼ ਗਿਲਡ ਆਫ਼ ਇੰਡੀਆ’ ਦੇ ਪ੍ਰਧਾਨ ਅਤੇ ‘ਪ੍ਰੈੱਸ ਕਾਊਂਸਲ ਆਫ਼ ਇੰਡੀਆ’ ਦੇ ਮੈਂਬਰ ਵੀ ਰਹੇ। ਹਰੀ ਜੈਸਿੰਘ ਨੇ ਟ੍ਰਿਬਿਊਨ ’ਤੇ ਇਕ ਅਮਿਟ ਛਾਪ ਛੱਡੀ।
ਸਥਾਨਕ ਸਭਿਆਚਾਰ ਤੇ ਪਾਠਕਾਂ ਸਬੰਧੀ ਉਨ੍ਹਾਂ ਦੀ ਸਮਝ, ਉਨ੍ਹਾਂ ਦੀ ਸਹਿਯੋਗੀ ਲੀਡਰਸ਼ਿਪ ਸ਼ੈਲੀ ਨਾਲ ਮਿਲ ਕੇ, ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਇਜਾਜ਼ਤ ਦਿੰਦੀ ਸੀ। ‘ਦਿ ਟ੍ਰਿਬਿਊਨ’ ਵਿੱਚ ਆਪਣੇ ਕਾਰਜਕਾਲ ਤੋਂ ਬਾਅਦ ਉਹ ਗੁੜਗਾਓਂ ਚਲੇ ਗਏ, ਜਿੱਥੇ ਉਨ੍ਹਾਂ ਆਪਣੀ ਲੇਖਣੀ ਜਾਰੀ ਰੱਖੀ ਅਤੇ ਮਹੀਨਾਵਾਰ ਮੈਗਜ਼ੀਨ ‘ਪਾਵਰ ਪੌਲੀਟਿਕਸ’ ਸ਼ੁਰੂ ਕੀਤਾ। ਉਨ੍ਹਾਂ ਦੀਆਂ ਮਸ਼ਹੂਰ ਕਿਤਾਬਾਂ ਵਿੱਚ ‘ਇੰਡੀਆ ਐਂਡ ਦਿ ਨਾਨ-ਅਲਾਈਂਡ ਵਰਲਡ’, ‘ਕਸ਼ਮੀਰ: ਏ ਟੇਲ ਆਫ਼ ਸ਼ੇਮ’, ‘ਇੰਡੀਆ ਆਫ਼ਟਰ ਇੰਦਰਾ: ਦਿ ਟਰਬੂਲੈਂਟ ਯੀਅਰਜ਼ (1984-1989), ‘ਨੋ, ਮਾਈ ਲੌਰਡ’ ਅਤੇ ‘ਏ ਵਿੰਡੋ ਆਨ ਇੰਡੀਆ’ਜ਼ ਰੀਅਲਪੌਲੀਟਿਕ’ ਸ਼ਾਮਲ ਸਨ। ਥੋੜ੍ਹੇ ਸਮੇਂ ਲਈ ਹਸਪਤਾਲ ਵਿੱਚ ਦਾਖ਼ਲ ਰਹਿਣ ਤੋਂ ਬਾਅਦ ਹਰੀ ਜੈਸਿੰਘ ਦਾ ਅੱਜ (23 ਅਪਰੈਲ 2025) 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਿੱਛੇ ਪਤਨੀ, ਪੁੱਤਰ ਤੇ ਧੀ ਛੱਡ ਗਏ ਹਨ। ਉਨ੍ਹਾਂ ਨੂੰ ਇਕ ਚੰਗੇ ਮਨੁੱਖ, ਅਟੱਲ ਮਿਆਰਾਂ ਵਾਲੇ ਇਕ ਪੇਸ਼ੇਵਰ ਅਤੇ ਵਿਅਕਤੀਗਤ ਤੌਰ ’ਤੇ ਮਦਦਗਾਰ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ।