ਦਿੱਲੀ-ਐੱਨਸੀਆਰ ’ਚ ਤਾਪਮਾਨ 41 ਡਿਗਰੀ ਤੱਕ ਪੁੱਜਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਪਰੈਲ
ਦਿੱਲੀ-ਐੱਨਸੀਆਰ ਵਿੱਚ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਅਪਰੈਲ ਦੇ ਪਹਿਲੇ ਹਫ਼ਤੇ ਹੀ ਤਾਪਮਾਨ 38.0 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚ ਗਿਆ ਸੀ ਅਤੇ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤਕ ਜਾ ਪੁੱਜਿਆ ਜਦੋਂਕਿ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। ਹਵਾ ਦੀ ਰਫ਼ਤਾਰ ਸਿਰਫ਼ ਛੇ ਕਿਲੋਮੀਟਰ ਪ੍ਰਤੀ ਘੰਟਾ ਸੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਗੁਰੂਗ੍ਰਾਮ ਦੀ ਆਫ਼ਤ ਅਤੇ ਪ੍ਰਬੰਧਨ ਅਥਾਰਟੀ ਨੇ ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐੱਨਸੀਆਰ ਵਿੱਚ ਤਾਪਮਾਨ 41.0 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਅਪਰੈਲ ਵਿੱਚ ਹੀ ਮਈ ਵਾਂਗ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਵੇਰ ਤੋਂ ਸ਼ਾਮ ਤੱਕ ਮੌਸਮ ਸਾਫ਼ ਰਿਹਾ ਅਤੇ ਦੁਪਹਿਰ ਵੇਲੇ ਧੁੱਪ ਇੰਨੀ ਤੇਜ਼ ਸੀ ਕਿ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ। ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕ ਧੁੱਪ ਤੋਂ ਬਚਾਅ ਕਰਦੇ ਦੇਖੇ ਗਏ। ਗੁਰੂਗ੍ਰਾਮ ਦੇ ਰਾਜੀਵ ਚੌਕ, ਇਫਕੋ ਚੌਕ ਅਤੇ ਬੱਸ ਸਟੈਂਡ ਖੇਤਰਾਂ ਵਿੱਚ ਗਰਮੀ ਕਾਰਨ ਲੋਕਾਂ ਨੂੰ ਬੱਸਾਂ ਦੀ ਉਡੀਕ ਕਰਨੀ ਵੀ ਔਖੀ ਹੋ ਗਈ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਖ਼ਾਸ ਕਰ ਕੇ ਧੁੱਪ ਵਿੱਚ ਸੈਰ ਕਰਨ ਵਾਲਿਆਂ, ਖਿਡਾਰੀਆਂ, ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਆਪਣਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।
ਦਿੱਲੀ ਦੀ ਹਵਾ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ
ਦਿੱਲੀ ਦੀ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ ਆ ਗਈ ਹੈ। ਇੱਥੇ ਏਕਿਊਆਈ 221 ਤੱਕ ਪਹੁੰਚ ਗਿਆ ਹੈ। ਹਾਲਾਂਕਿ ਇਸ ਵਿੱਚ ਅੱਜ ਮਾਮੂਲੀ ਸੁਧਾਰ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸੋਮਵਾਰ ਨੂੰ ਏਕਿਊਆਈ 225 ਰਿਹਾ ਜਦੋਂਕਿ ਮੰਗਲਵਾਰ ਨੂੰ ਸਵੇਰੇ ਅੱਠ ਵਜੇ 221 ਦਰਜ ਕੀਤਾ ਗਿਆ ਸੀ। ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਜਾਂ ‘ਦਰਮਿਆਰੀ’ ਸ਼੍ਰੇਣੀ ਵਿੱਚ ਆ ਗਈ ਹੈ। ਸੋਮਵਾਰ ਨੂੰ ਦਿੱਲੀ ਦੇ ਏਕਿਊਆਈ ਦੀ 24 ਘੰਟਿਆਂ ਦੀ ਔਸਤ 261 ਸੀ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਏਕਿਊਆਈ 165 ਦਰਜ ਕੀਤਾ ਗਿਆ ਜਦੋਂਕਿ ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਕ੍ਰਮਵਾਰ 258 ਅਤੇ 240 ਦਰਜ ਕੀਤਾ ਗਿਆ। ਇਸੇ ਤਰ੍ਹਾਂ ਗਾਜ਼ੀਆਬਾਦ ਦਾ ਏਕਿਊਆਈ 228 ਰਿਹਾ।