ਤਰਨ ਤਾਰਨ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਘਰਾਂ ’ਤੇ ਛਾਪੇ
ਗੁਰਬਖਸ਼ਪੁਰੀ
ਤਰਨ ਤਾਰਨ, 20 ਮਾਰਚ
ਸ਼ੰਭੂ ਤੇ ਖਨੌਰੀ ਹੱਦਾਂ ਉੱਪਰ ਸੰਘਰਸ਼ ’ਤੇ ਡਟੇ ਕਿਸਾਨਾਂ ਖ਼ਿਲਾਫ਼ ਸਰਕਾਰ ਦੀ ਕਾਰਵਾਈ ਤੋਂ ਬਾਅਦ ਜ਼ਿਲ੍ਹੇ ਅੰਦਰ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਤਰਨ ਤਾਰਨ ਪੁਲੀਸ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਘਰਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਜਥੇਬੰਦੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਸਵਿੰਦਰ ਸਿੰਘ ਚੁਤਾਲਾ, ਫਤਹਿ ਸਿੰਘ ਪਿੱਦੀ ਤੇ ਹਰਜਿੰਦਰ ਸਿੰਘ ਸ਼ਕਰੀ ਆਗੂ ਪੁਲੀਸ ਦੇ ਹੱਥੇ ਨਹੀਂ ਚੜ੍ਹੇ। ਜਥੇਬੰਦੀ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਪਿੰਡ ਸ਼ੇਰੋਂ ਦੇ ਗੁਰਦੁਆਰਾ ਬਾਬਾ ਸਿਧਾਣਾ ’ਚ ਹੀ ਰਾਤ ਬਤੀਤ ਕੀਤੀ। ਉਨ੍ਹਾਂ ਸਵੇਰ ਹੁੰਦਿਆਂ ਹੀ ਕੌਮੀ ਮਾਰਗ ਨੰਬਰ-54 ਵੱਲ ਚਾਲੇ ਪਾਏ ਤਾਂ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਅਤੇ ਇਸੇ ਦੌਰਾਨ ਪੁਲੀਸ ਨੇ ਕੁਝ ਕਿਸਾਨਾਂ-ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲੈ ਕੇ ਦੂਰ ਜਾ ਕੇ ਰਿਹਾਅ ਕਰ ਦਿੱਤਾ। ਜਥੇਬੰਦੀ ਵੱਲੋਂ ਆਪਣਾ ਰੋਸ ਜ਼ਾਹਿਰ ਕਰਨ ਲਈ ਸ਼ੇਰੋਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਅੱਗੇ ਧਰਨਾ ਦੇਣ ਲਈ ਮਾਰਚ ਸ਼ੁਰੂ ਕੀਤਾ ਗਿਆ ਪਰ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਡੀਏਸੀ ਤੋਂ ਪਹਿਲਾਂ ਹੀ ਰੋਕ ਲਿਆ, ਜਿੱਥੇ ਕਿਸਾਨਾਂ ਨੇ ਵਿਖਾਵਾ ਸ਼ੁਰੂ ਕੀਤਾ। ਵਿਖਾਵਾਕਾਰੀਆਂ ਨੂੰ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਘੇਰਾ ਪਾਈ ਰੱਖਿਆ। ਜਥੇਬੰਦੀ ਨੇ ਸਰਕਾਰ ਦੀ ਕਾਰਵਾਈ ਦਾ ਤਿੱਖਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂ ਦੀ ਅਗਵਾਈ ਵਿੱਚ ਕਿਸਾਨਾਂ ਨੇ ਤਰਨ ਤਾਰਨ ਦੇ ਚੌਕ ਚਾਰ ਖੰਭਾ ’ਚ ਆ ਕੇ ਸੂਬਾ ਸਰਕਾਰ ਦੀ ਅਰਥੀ ਸਾੜੀ।