ਸੀਬੀਐੱਸਈ ਵੱਲੋਂ ਸੈਸ਼ਨ 2025-26 ਦਾ ਸਿਲੇਬਸ ਜਾਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸੈਸ਼ਨ 2025-26 ਲਈ ਅੱਜ ਨੌਵੀਂ, ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਦਾ ਪਾਠ-ਕ੍ਰਮ ਜਾਰੀ ਕਰ ਦਿੱਤਾ ਹੈ। ਬੋਰਡ ਨੇ ਰੌਲੇ ਰੱਪੇ ਮਗਰੋਂ ਖੇਤਰੀ ਭਾਸ਼ਾਵਾਂ ਨੂੰ ਬਣਦਾ ਸਥਾਨ ਦੇ ਕੇ ਮੁੜ ਦੂਜੇ ਗਰੁੱਪ ਵਿੱਚ ਥਾਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੀਬੀਐੱਸਈ ਨੇ 26 ਫਰਵਰੀ ਨੂੰ ਦੋ ਪ੍ਰੀਖਿਆਵਾਂ ਦਾ ਜੋ ਖਰੜਾ ਜਾਰੀ ਕੀਤਾ ਸੀ ਉਸ ਵਿੱਚ ਖੇਤਰੀ ਭਾਸ਼ਾਵਾਂ ਨੂੰ ਤੀਜੇ ਸਥਾਨ ’ਤੇ ਰੱਖਿਆ ਗਿਆ ਸੀ ਜਦਕਿ ਅੰਗਰੇਜ਼ੀ ਨੂੰ ਪਹਿਲਾ ਅਤੇ ਹਿੰਦੀ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ। ਹੁਣ ਪਾਠ-ਕ੍ਰਮ ਵਿੱਚ ਵਿਦਿਆਰਥੀ ਪਿਛਲੇ ਸਾਲਾਂ ਵਾਂਗ ਪਹਿਲੇ ਸਥਾਨ ’ਤੇ ਹਿੰਦੀ ਜਾਂ ਅੰਗਰੇਜ਼ੀ ਵਿੱਚੋਂ ਕੋਈ ਇੱਕ ਅਤੇ ਦੂਜੀ ਭਾਸ਼ਾ ਵਜੋਂ ਖੇਤਰੀ ਭਾਸ਼ਾਵਾਂ ਵਿੱਚੋਂ ਕੋਈ ਵੀ ਇੱਕ ਨੂੰ ਚੁਣ ਸਕੇਗਾ। ਸੀਬੀਐੱਸਈ ਵੱਲੋਂ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਵਿਸ਼ਿਆਂ ਨੂੰ ਨਿਰਧਾਰਤ ਸਿਲੇਬਸ ਅਨੁਸਾਰ ਪੜ੍ਹਾਇਆ ਜਾਣਾ ਚਾਹੀਦਾ ਹੈ ਤੇ ਤਜਰਬਾ ਸਿੱਖਿਆ, ਯੋਗਤਾ-ਆਧਾਰਤ ਮੁਲਾਂਕਣ ਅਤੇ ਅੰਤਰ-ਅਨੁਸ਼ਾਸਨੀ ਪਹੁੰਚਾਂ ਨੂੰ ਅਪਣਾ ਕੇ ਵਿਦਿਆਰਥੀਆਂ ਦੀ ਸੂਝ ਬੂਝ ਦਾ ਦਾਇਰਾ ਵਧਾਉਣਾ ਚਾਹੀਦਾ ਹੈ। ਬੋਰਡ ਨੇ ਕੰਪੀਟੈਂਸੀ ਬੇਸਡ ਸਿੱਖਿਆ ’ਤੇ ਜ਼ੋਰ ਦਿੱਤਾ।
ਨਿਰਧਾਰਿਤ ਪੀਰੀਅਡਾਂ ਨੂੰ ਹਟਾ ਕੇ ਅਧਿਆਪਕਾਂ ਨੂੰ ਪੀਰੀਅਡ ਚੁਣਨ ਦੀ ਖੁੱਲ੍ਹ ਮਿਲੀ
ਸੀਬੀਐੱਸਈ ਨੇ ਇਸ ਵਾਰ ਵੱਡਾ ਬਦਲਾਅ ਕਰਦਿਆਂ ਪੀਰੀਅਡ ਦੀ ਤੈਅ ਸੀਮਾ ਹਟਾ ਦਿੱਤੀ ਹੈ ਤੇ ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਲੋੜ ਅਨੁਸਾਰ ਪੀਰੀਅਡ ਲਾਉਣ ਦਾ ਜ਼ਿੰਮਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸੀਬੀਐੱਸਈ ਹਰ ਵਿਸ਼ੇ ਤੇ ਭਾਸ਼ਾਵਾਂ ਦੇ ਸਾਲ ਦੇ ਪੀਰੀਅਡ ਨਿਰਧਾਰਤ ਕਰ ਦਿੰਦੀ ਸੀ ਪਰ ਹੁਣ ਬੋਰਡ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਧਿਆਪਕ ਹਰ ਵਿਸ਼ੇ ਤੇ ਭਾਸ਼ਾ ਦੇ ਪੀਰੀਅਡਾਂ ਦੀ ਗਿਣਤੀ ਵਿਦਿਆਰਥੀਆਂ ਦੀ ਲੋੜ ਅਨੁਸਾਰ ਤੈਅ ਕਰ ਸਕਦਾ ਹੈ।Advertisement