ਕੇਂਦਰ ਵੱਲੋਂ ਮਨਰੇਗਾ ਉਜਰਤਾਂ ’ਚ ਵਾਧਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਾਰਚ
ਕੇਂਦਰ ਸਰਕਾਰ ਨੇ ਵਿੱਤੀ ਸਾਲ 2025-26 ਲਈ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਪ੍ਰਤੀ ਦਿਨ ਉਜਰਤਾਂ ’ਚ ਵਾਧਾ ਕੀਤਾ ਹੈ। ਸਮੁੱਚੇ ਦੇਸ਼ ਵਿੱਚ ਇਹ ਵਾਧਾ ਵੱਖ-ਵੱਖ ਸੂਬਿਆਂ ਵਿੱਚ 7 ਰੁਪਏ ਤੋਂ 26 ਰੁਪਏ ਤੱਕ ਦਾ ਹੈ। ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੁਣ 322 ਰੁਪਏ ਤੋਂ ਵਧ ਕੇ 346 ਰੁਪਏ ਹੋ ਗਈ ਹੈ। ਇਹ ਵਾਧਾ 7.45 ਫ਼ੀਸਦ ਬਣਦਾ ਹੈ। ਦਿਹਾੜੀ ’ਚ ਪ੍ਰਤੀ ਦਿਨ 24 ਰੁਪਏ ਵਾਧਾ ਕੀਤਾ ਗਿਆ ਹੈ ਜਿਸ ਨੂੰ ਨਾਕਾਫ਼ੀ ਦੱਸਿਆ ਜਾ ਰਿਹਾ ਹੈ। ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ ਅਤੇ ਨਵੀਆਂ ਦਰਾਂ ਦਿਹਾਤੀ ਖੇਤਰ ਵਿੱਚ ਮਹਿੰਗਾਈ ’ਚ ਵਾਧੇ ਵੱਲ ਵੀ ਇਸ਼ਾਰਾ ਕਰਦੀਆਂ ਹਨ। ਪੰਜਾਬ ਵਿੱਚ ਇਸ ਵੇਲੇ ਕੁੱਲ 19.79 ਲੱਖ ਜੌਬ ਕਾਰਡ ਹਨ ਤੇ 29.61 ਲੱਖ ਮੈਂਬਰ ਹਨ। ਇਨ੍ਹਾਂ ’ਚੋਂ ਐਕਟਿਵ ਜੌਬ ਕਾਰਡ 12.29 ਲੱਖ ਤੇ ਐਕਟਿਵ ਮੈਂਬਰ 15.75 ਲੱਖ ਹਨ। ਕਰੀਬ 70.19 ਫ਼ੀਸਦ ਅਨੁਸੂਚਿਤ ਜਾਤੀ ਦੇ ਵਰਕਰ ਹਨ। ਪੰਜਾਬ ਦੇ ਪੇਂਡੂ ਖੇਤਰ ਵਿੱਚ ਵੱਡੀ ਪੱਧਰ ’ਤੇ ਵਿਕਾਸ ਕੰਮਾਂ ਵਿੱਚ ਮਨਰੇਗਾ ਮਜ਼ਦੂਰਾਂ ਦੀ ਸ਼ਮੂਲੀਅਤ ਹੈ।
ਪੰਜਾਬ ਨਾਲੋਂ ਹਰਿਆਣਾ ’ਚ ਮਨਰੇਗਾ ਦੀ ਦਿਹਾੜੀ ਪ੍ਰਤੀ ਦਿਨ 54 ਰੁਪਏ ਵੱਧ ਹੈ। ਗੁਆਂਢੀ ਸੂਬਾ ਮਨਰੇਗਾ ਦਿਹਾੜੀ ਵਾਧੇ ਦੇ ਮਾਮਲੇ ਵਿੱਚ ਸਿਖਰ ’ਤੇ ਹੈ ਜਿੱਥੇ ਪ੍ਰਤੀ ਦਿਨ ਉਜਰਤ 374 ਰੁਪਏ ਤੋਂ ਵਧ ਕੇ 400 ਰੁਪਏ ਹੋ ਗਈ ਹੈ। ਉਸ ਨੇ ਦੇਸ਼ ’ਚ ਸਭ ਤੋਂ ਵੱਧ 26 ਰੁਪਏ ਦਾ ਵਾਧਾ ਕੀਤਾ ਹੈ। ਪੇਂਡੂ ਵਿਕਾਸ ਮੰਤਰਾਲੇ ਨੇ ਬੀਤੇ ਦਿਨ ਇਸ ਸਬੰਧੀ ਬਕਾਇਆ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਸਿਆਸੀ ਹਲਕੇ ਆਖਦੇ ਹਨ ਕਿ ਹਰਿਆਣਾ ਨੂੰ ਸੂਬੇ ਵਿੱਚ ਭਾਜਪਾ ਹਕੂਮਤ ਹੋਣ ਦਾ ਸਿਆਸੀ ਲਾਹਾ ਮਿਲਿਆ ਹੈ। ਦੱਸਣਯੋਗ ਹੈ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ‘ਆਪ’ ਵਿਧਾਇਕ ਕੁਲਵੰਤ ਪੰਡੋਰੀ ਨੇ ਮਨਰੇਗਾ ਦੀ ਦਿਹਾੜੀ ਘੱਟ ਹੋਣ ਦਾ ਮੁੱਦਾ ਉਠਾਇਆ ਸੀ।
ਮਨਰੇਗਾ ਸਕੀਮ ਤਹਿਤ ਜੋ ਵੀ ਬਾਲਗ ਮੈਂਬਰ ਸਵੈ-ਇੱਛਾ ਨਾਲ ਗ਼ੈਰ-ਹੁਨਰਮੰਦ ਹੱਥੀਂ ਕੰਮ ਕਰਨ ਲਈ ਮਨਰੇਗਾ ਜੌਬ ਕਾਰਡ ਬਣਾਉਣਾ ਚਾਹੁੰਦੇ ਹਨ, ਉਹ ਇੱਕ ਸਾਲ ਵਿੱਚ ਘੱਟੋ-ਘੱਟ 100 ਦਿਨਾਂ ਦਾ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਨ।
ਪੰਜ ਸੂਬਿਆਂ ਵਿੱਚ ਮਨਰੇਗਾ ਉਜਰਤਾਂ ’ਚ ਸਿਰਫ਼ 7 ਰੁਪਏ ਦਾ ਵਾਧਾ
ਦੇਸ਼ ਦੇ ਪੰਜ ਸੂਬੇ ਅਜਿਹੇ ਹਨ ਜਿੱਥੇ ਮਨਰੇਗਾ ਉਜਰਤਾਂ ’ਚ ਸਿਰਫ਼ ਸੱਤ ਰੁਪਏ ਦਾ ਵਾਧਾ ਹੋਇਆ ਹੈ। ਰਾਜਸਥਾਨ ਵਿੱਚ ਹੁਣ ਮਨਰੇਗਾ ਤਹਿਤ ਉਜਰਤ 281 ਰੁਪਏ ਅਤੇ ਗੁਜਰਾਤ ਵਿੱਚ 288 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕਰਨਾਟਕ ਵਿੱਚ 370 ਰੁਪਏ ਅਤੇ ਉੱਤਰ ਪ੍ਰਦੇਸ਼ ਵਿੱਚ 252 ਰੁਪਏ ਪ੍ਰਤੀ ਦਿਨ ਦਿਹਾੜੀ ਹੋ ਗਈ ਹੈ। ਮਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦਿਹਾੜੀ ’ਚ ਵਾਧਾ ਨਿਗੂਣਾ ਕੀਤਾ ਗਿਆ ਹੈ ਜਦੋਂਕਿ ਮਹਿੰਗਾਈ ਸਿਖ਼ਰਾਂ ਨੂੰ ਛੂਹ ਰਹੀ ਹੈ। ਪੰਜਾਬ ਦੇ ਮਨਰੇਗਾ ਮਜ਼ਦੂਰ ਹਰਿਆਣਾ ਪੈਟਰਨ ਮੰਗ ਰਹੇ ਹਨ।Advertisement