ਤਪਸ਼ ਲਈ ਪੇਸ਼ਬੰਦੀਆਂ
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਵੱਲੋਂ ਦੇਸ਼ ਭਰ ’ਚ ਅਗਲੇ ਤਿੰਨ ਮਹੀਨਿਆਂ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਅਤੇ ਤਪਸ਼ ਵਾਲੇ ਦਿਨਾਂ ਦੀ ਗਿਣਤੀ ਦੁੱਗਣੀ ਹੋਣ ਦੇ ਅਨੁਮਾਨ ਦੀ ਖ਼ਬਰ ਸਿਹਤ, ਖੇਤੀਬਾੜੀ, ਅਰਥਚਾਰੇ ਤੇ ਰੁਜ਼ਗਾਰ ਉੱਪਰ ਵਿਆਪਕ ਅਸਰ ਪਾਉਣ ਵਾਲੀ ਸਭ ਤੋਂ ਵੱਡੀ ਘਟਨਾ ਸਾਬਿਤ ਹੋ ਸਕਦੀ ਹੈ। ਇਸ ਕਰ ਕੇ ਨਾ ਕੇਵਲ ਸਰਕਾਰਾਂ ਸਗੋਂ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਈ ਨੂੰ ਇਸ ਵੱਲ ਬੇਹੱਦ ਸੁਚੇਤ ਹੋਣ ਦੀ ਲੋੜ ਹੈ। ਮੌਸਮ ਵਿਭਾਗ ਨੇ ਭਾਵੇਂ ਸਮੇਂ ਸਿਰ ਭਵਿੱਖਬਾਣੀ ਕਰ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ ਪਰ ਇਸ ਨਾਲ ਜੁਡਿ਼ਆ ਅਹਿਮ ਸਵਾਲ ਇਹ ਹੈ ਕਿ ਤਾਪਮਾਨ ਵਿੱਚ ਤੇਜ਼ੀ ਅਤੇ ਮੌਸਮੀ ਘਟਨਾਵਾਂ ਦੀ ਤੀਬਰਤਾ ਵਿੱਚ ਇਜ਼ਾਫ਼ਾ ਕਿਉਂ ਹੋ ਰਿਹਾ ਹੈ? ਕੌਮਾਂਤਰੀ ਪੱਧਰ ’ਤੇ ਵਿਗਿਆਨੀਆਂ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਲਵਾਯੂ ਤਬਦੀਲੀ ਦਾ ਅਸਰ ਤਿੱਖਾ ਹੋ ਰਿਹਾ ਹੈ ਪਰ ਸਰਕਾਰਾਂ ਦੇ ਪੱਧਰ ’ਤੇ ਇਸ ਨੂੰ ਪ੍ਰਵਾਨ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।
ਪਿਛਲੇ ਸਾਲ ਦੇਸ਼ ਦੇ ਕੁਝ ਖੇਤਰਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ ਅਤੇ ਜੇਕਰ ਇਸ ਸਾਲ ਤਾਪਮਾਨ ਹੋਰ ਵਧਦਾ ਹੈ ਤਾਂ ਇਸ ਦੇ ਘਾਤਕ ਪ੍ਰਭਾਵ ਵੀ ਵਧ ਸਕਦੇ ਹਨ। ਜ਼ਿਆਦਾ ਸਮਾਂ ਤਪਸ਼ ਵਿੱਚ ਰਹਿਣ ਕਰ ਕੇ ਥਕਾਵਟ, ਸਰੀਰ ’ਚੋਂ ਪਾਣੀ ਘਟਣ, ਹੀਟ ਸਟ੍ਰੋਕ ਹੋਣ ਦਾ ਖ਼ਤਰਾ ਅਤੇ ਦਿਲ ਤੇ ਸਾਹ ਦੇ ਦੀਰਘ ਰੋਗਾਂ ਦਾ ਅਸਰ ਵਧ ਜਾਂਦਾ ਹੈ। ਕੁਝ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਇਹ ਰੁਝਾਨ ਜਾਰੀ ਰਹਿਣ ਦੀ ਸੂਰਤ ਵਿੱਚ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਗਰਮੀ ਦੇ ਦਿਨਾਂ ਵਿੱਚ ਬਾਹਰ ਕੰਮ ਕਰਨਾ ਪੈਂਦਾ ਹੈ ਅਤੇ ਗਰਮੀ ਕਰਕੇ ਉਨ੍ਹਾਂ ਨੂੰ ਕੰਮ ਦਾ ਸਮਾਂ ਘਟਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਗਰਮੀ ਕਰਕੇ ਝੋਨੇ ਤੇ ਕਣਕ ਜਿਹੀਆਂ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵੀ ਘਟ ਜਾਂਦੀ ਹੈ। ਇਸ ਦੇ ਨਾਲ ਹੀ ਗਰਮੀ ਕਰ ਕੇ ਬਿਜਲੀ ਦੀ ਖ਼ਪਤ ਵਿੱਚ ਭਾਰੀ ਵਾਧਾ ਹੁੰਦਾ ਹੈ ਅਤੇ ਬਿਜਲੀ ਦੀ ਸਪਲਾਈ ਯਕੀਨੀ ਬਣਾਉਣੀ ਵੱਡੀ ਚੁਣੌਤੀ ਬਣ ਜਾਂਦੀ ਹੈ। ਕਈ ਖੇਤਰਾਂ ਵਿੱਚ ਪਾਣੀ ਦੀ ਉਪਲੱਬਧਤਾ ਵੱਡਾ ਸੰਕਟ ਬਣ ਰਹੀ ਹੈ। ਪੰਜਾਬ ਵਿੱਚ ਹਰ ਸਾਲ ਅਜਿਹੇ ਖੇਤਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜਿੱਥੇ ਖ਼ਾਸਕਰ ਗਰਮੀਆਂ ਵਿੱਚ ਪਾਣੀ ਦੀ ਉਪਲੱਬਧਤਾ ਬਹੁਤ ਘਟ ਜਾਂਦੀ ਹੈ ਅਤੇ ਲੋਕਾਂ ਨੂੰ ਰੋਜ਼ਮੱਰਾ ਜ਼ਰੂਰਤਾਂ ਲਈ ਪਾਣੀ ਦੀ ਪੂਰਤੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਈਐੱਮਡੀ ਦੀ ਭਵਿੱਖਬਾਣੀ ਦੇ ਪੇਸ਼ੇਨਜ਼ਰ ਕੇਂਦਰ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਹੁਣੇ ਤੋਂ ਤਿਆਰੀਆਂ ਵਿੱਢਣ ਦੀ ਲੋੜ ਹੈ। ਇਸ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਵੀ ਆਪੋ-ਆਪਣੇ ਪੱਧਰ ’ਤੇ ਅਜਿਹੀਆਂ ਸਥਿਤੀਆਂ ਨਾਲ ਸਿੱਝਣ ਲਈ ਮਾਨਸਿਕ ਅਤੇ ਸਾਜ਼ੋ-ਸਾਮਾਨ ਦੇ ਲਿਹਾਜ਼ ਤੋਂ ਤਿਆਰ ਹੋ ਸਕਣ। ਇਸ ਦਿਸ਼ਾ ਵਿੱਚ ਸਭ ਤੋਂ ਅਹਿਮ ਕਾਰਜ ਸਰਕਾਰੀ ਅਤੇ ਲੋਕਾਂ ਦੇ ਪੱਧਰ ’ਤੇ ਇਸ ਹਕੀਕਤ ਨੂੰ ਪਰਵਾਨ ਕਰਨਾ ਹੈ ਕਿ ਕੁਦਰਤ ਸਾਡੀਆਂ ਅਸੀਮ ਲਾਲਸਾਵਾਂ ਦੀ ਪੂਰਤੀ ਦਾ ਸਾਧਨ ਨਹੀਂ ਸਗੋਂ ਮਾਨਵਜਾਤੀ ਸਮੇਤ ਸਮੁੱਚੇ ਜੈਵ ਜੀਵਨ ਦਾ ਆਧਾਰ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਆਪਣੇ ਪੈਰਾਂ ’ਤੇ ਕੁਹਾੜੀ ਚਲਾਉਣ ਦੇ ਤੁੱਲ ਹੋਵੇਗਾ।